ਤਲਵੰਡੀ ਸਾਬੋ/ਬਠਿੰਡਾ, 3 ਸਤੰਬਰ (ਰਣਜੀਤ ਸਿੰਘ ਰਾਜੂ, ਅਵਤਾਰ ਕੈਂਥ, ਵੀਰ ਸਿੰਘ ਕਾਲਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਬਠਿੰਡਾ ਦੇ ਬਾਬਾ ਫਰੀਦ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਇੱਕ ਧਾਰਮਿਕ ਦੀਵਾਨ ਦੌਰਾਨ ਇੱਕ ਸਿੱਖ ਪ੍ਰਚਾਰਕ ਕੁਲਦੀਪ ਸਿੰਘ ਸਖ਼ਤ ਵੱਲੋਂ ਸੰਗਤਾਂ ਨੂੰ ਦੇਹਧਾਰੀ ਗੁਰੂਡੰਮ ਤੋਂ ਦੂਰ ਰਹਿਣ ਦੀ ਦਿੱਤੀ ਸਿੱਖਿਆ ਦੇ ਚਲਦਿਆਂ ਦੀਵਾਨਾਂ ਵਿੱਚ ਮੌਜੂਦ ਇੱਕ ਡੇਰਾ ਪ੍ਰੇਮੀ ਵੱਲੋਂ ਉਕਤ ਪ੍ਰਚਾਰਕ ਦੇ ਖਿਲਾਫ ਧਾਰਾ 295 ਏ ਦਾ ਮਾਮਲਾ ਦਰਜ ਕਰਵਾ ਦੇਣ ਤੋਂ ਬਾਅਦ ਜਿੱਥੇ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਉਕਤ ਮਾਮਲੇ ਦੇ ਖਿਲਾਫ ਸਿੱਖ ਆਗੂਆਂ ਨੇ ਵੀ ਲਾਮਬੰਦੀ ਕਰ ਲਈ ਹੈ।

ਅੱਜ ਉਕਤ ਮਾਮਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਨੇ ਕਿਹਾ ਕਿ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਸਿੱਖ ਪ੍ਰਚਾਰਕਾਂ ‘ਤੇ ਮਾਮਲੇ ਦਰਜ ਕਰਕੇ ਸਿੱਖ ਭਾਵਨਾਵਾਂ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਡੇਰਾ ਮੁਖੀ ਦਾ ਕੋਈ ਧਰਮ ਹੀ ਨਹੀਂ ਉਸ ਦੇ ਪੈਰੋਕਾਰ ਕਿਸ ਧਰਮ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਸੌਦਾ ਸਾਧ ਦੀ ਸਰਕਾਰ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਡੇਰਾਵਾਦ ਦਾ ਵਿਰੋਧ ਕਰਕੇ ਸੰਗਤਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੇ ਪ੍ਰਚਾਰਕਾਂ ਖਿਲਾਫ ਝੂਠੇ ਕੇਸ ਦਰਜ ਕਰ ਰਹੀ ਹੈ। ਸੰਤ ਦਾਦੂਵਾਲ ਨੇ ਕਿਹਾ ਕਿ ਸਿੱਖਾਂ ਗੁਰੂਆਂ ਦਾ ਸਵਾਂਗ ਰਚਾ ਕੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਗੁਰਮੀਤ ਰਾਮ ਰਹੀਮ ਨੂੰ ਤਾਂ ਅੱਜ ਤੱਕ ਥਾਣੇ ਦਾ ਮੂੰਹ ਨਹੀਂ ਦਿਖਾਇਆ ਗਿਆ ਪ੍ਰੰਤੂ ਸਿੱਖ ਸੰਗਤਾਂ ਨੂੰ ਧਰਮ ਦਾ ਰਸਤਾ ਦਿਖਾਉਣ ਵਾਲੇ ਪ੍ਰਚਾਰਕ ਨੂੰ ਜੇਲ੍ਹ ਵੀ ਦਿਖਾ ਦਿੱਤੀ ਗਈ ਹੈ।
ਸੰਤ ਦਾਦੂਵਾਲ ਨੇ ਦੱਸਿਆ ਕਿ ਉਕਤ ਮਾਮਲੇ ਬਾਰੇ ਅਗਲੀ ਰਣਨੀਤੀ ਤੈਅ ਕਰਨ ਲਈ ਸਿੱਖ ਜਥੇਬੰਦੀਆਂ ਦੀ ਇੱਕ ਮੀਟਿੰਗ 4 ਸਤੰਬਰ ਨੂੰ ਸਵੇਰੇ 10 ਵਜੇ ਬਾਬਾ ਫਰੀਦ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ।