ਅੰਮ੍ਰਿਤਸਰ, 3 ਸਤੰਬਰ (ਜੋਗਿੰਦਰ ਜੌੜਾ, ਸੰਜੀਵ ਪੁੰਜ, ਸੁਨੀਲ ਗੁਪਤਾ, ਮਨਪ੍ਰੀਤ ਮੱਲ੍ਹੀ)-ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਮੁੱਖ ਰੱਖਦੇ ਹੋਏ ਹਕੀਕੀ ਰੂਪ ਵਿਚ ਦੇਸ਼ ਅੰਦਰ ਸੰਘੀ ਢਾਂਚਾ ਲਾਗੂ ਕਰਨ ਦੀ ਪੁਰਜ਼ੋਰ ਵਕਾਲਤ ਕਰਦਿਆਂ ਕਿਹਾ ਹੈ ਕਿ ਜੇਕਰ ਦੇਸ਼ ਨੂੰ ਤਾਕਤਵਰ ਬਨਾਉਣਾ ਹੈ ਤਾਂ ਇਸ ਲਈ ਰਾਜਾਂ ਦਾ ਸ਼ਕਤੀਸ਼ਾਲੀ ਹੋਣਾ ਬੇਹੱਦ ਜ਼ਰੂਰੀ ਹੈ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਪਾਰਟੀ ਦੇ ਡੈਲੀਗੇਟ ਇਜਲਾਸ ਵਿਚ ਇਹ ਮੰਗ ਕਰਦੇ ਪਾਰਟੀ ਨੇ ਕਿਹਾ ਕਿ ਦੇਸ਼ ਦੀ ਖੁਸ਼ਹਾਲੀ, ਤਰੱਕੀ ਅਤੇ ਵਾਧੇ ਦੀ ਇਕੋ-ਇਕ ਕੁੰਜੀ ਦੇਸ਼ ਵਿਚ ਸੰਘੀ ਢਾਂਚੇ ਨੂੰ ਅਮਲ ਵਿਚ ਲਿਆਉਣਾ ਹੈ। ਇਸ ਦੇ ਨਾਲ-ਨਾਲ ਪਾਰਟੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਜਿਨ੍ਹਾਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ, ਦਰਿਆਈ ਪਾਣੀਆਂ ਦਾ ਮਸਲਾ ਰੀਪੇਅਰੀਅਨ ਕਾਨੂੰਨ ਮੁਤਾਬਿਕ ਨਿਬੇੜਨਾ ਸ਼ਾਮਿਲ ਹੈ, ਨੂੰ ਤਰੁੰਤ ਹੱਲ ਕੀਤਾ ਜਾਵੇ।

ਪਾਰਟੀ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜਦ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਦ ਤੱਕ ਸ੍ਰੋਮਣੀ ਅਕਾਲੀ ਦਲ ਇਨ੍ਹਾਂ ਲਈ ਸੰਘਰਸ਼ ਕਰਦਾ ਰਹੇਗਾ। ਇਜਲਾਸ ਵਿਚ ਇਹ ਮਤਾ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੇਸ਼ ਕੀਤਾ, ਜਿਸ ਨੂੰ ਇਜਲਾਸ ਨੇ ਹੱਥ ਖੜ੍ਹੇ ਕਰਕੇ ਪ੍ਰਵਾਨ ਕੀਤਾ।ਅੱਜ ਦੇ ਇਸ ਡੈਲੀਗੇਟ ਇਜਲਾਸ ਵਿਚ ਦੂਸਰੀ ਵਾਰ ਸਰਬਸੰਮਤੀ ਨਾਲ ਸ. ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਸਰਪ੍ਰਸਤ ਚੁਣ ਲਿਆ ਗਿਆ। ਪਾਰਟੀ ਪ੍ਰਧਾਨਗੀ ਲਈ ਸ. ਸੁਖਬੀਰ ਸਿੰਘ ਬਾਦਲ ਦਾ ਨਾਂਅ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕੀਤੀ। ਇਸੇ ਤਰਾਂ ਪਾਰਟੀ ਅਤੇ ਪੰਜਾਬ ਲਈ ਲਗਾਤਾਰ ਜੂਝ ਰਹੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਪਾਰਟੀ ਦਾ ਸਰਪ੍ਰਸਤ ਬਨਾਉਣ ਲਈ ਨਾਂਅ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਿਸ ਨੂੰ ਇਜਲਾਸ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਪ੍ਰਧਾਨ ਅਤੇ ਪਾਰਟੀ ਦੇ ਸਰਪ੍ਰਸਤ ਦਾ ਐਲਾਨ ਜਿਉਂ ਹੀ ਸਟੇਜ ਤੋਂ ਕੀਤਾ, ਤਾਂ ਸਾਰਾ ਹਾਲ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ।ਇਕ ਮਤੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੀਆਂ ਗਰੀਬ ਮਾਰੂ ਨੀਤੀਆਂ ਨੂੰ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਐਲਾਨਿਆ। ਪਾਰਟੀ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਤੋਂ ਤਰੁੰਤ ਅਸਤੀਫੇ ਦੀ ਮੰਗ ਕੀਤੀ ਤਾਂ ਕਿ ਮੁੜ ਫਤਵਾ ਦੇ ਕੇ ਲੋਕ ਨਵੇਂ ਸਿਰਿਉਂ ਅਜਿਹੀ ਸਰਕਾਰ ਚੁਣ ਸਕਣ, ਜੋ ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਕੱਢ ਸਕੇ।ਸ੍ਰੋਮਣੀ ਅਕਾਲੀ ਦਲ ਨੇ 1984 ਦੇ ਸਿੱਖ ਕਤਲੇਆਮ ਦਾ ਨਿਆਂ ਹੁਣ ਤੱਕ ਨਾ ਮਿਲਣ ਦੀ ਨਿਖੇਧੀ ਕਰਦੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਤਰੁੰਤ ਨਿਆਂ ਦਿੱਤਾ ਜਾਵੇ। ਬੀਬੀ ਜਗੀਰ ਕੌਰ ਨੇ ਇਹ ਮਤਾ ਪੇਸ਼ ਕਰਦੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਨਿਆਂ ਤਾਂ ਕੀ ਦੇਣਾ ਸੀ, ਬਲਕਿ ਦੋਸ਼ੀ ਕਾਂਗਰਸ ਦੀ ਛਤਰ ਛਾਇਆ ਹੇਠ ਸੱਤਾ ਦਾ ਅਨੰਦ ਮਾਣ ਰਹੇ ਹਨ। ਸ੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਸਿੱਖਾਂ ਦੇ ਹਰੇ ਜਖਮਾਂ ‘ਤੇ ਤਰੁੰਤ ਮਲਮ ਲਗਾਈ ਜਾਵੇ।ਪਾਰਟੀ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਜਿਤ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਦਾ ਮਤਾ ਪੇਸ਼ ਕਰਦੇ ਕਿਹਾ ਕਿ ਪਾਰਟੀ ਇਸ ਜਿੱਤ ਦਾ ਸਿਹਰਾ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਦਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਰੀਬ ਮਾਰੂ ਨੀਤੀਆਂ ਅਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਨਿੰਦਾ ਕੀਤੀ। ਇਸ ਦੇ ਨਾਲ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਵੀ ਨਿੰਦਾ ਕੀਤੀ ਗਈ।ਪਾਰਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ, ਜਿਮਨੀ ਚੋਣਾਂ ਅਤੇ ਦਿਲੀ ਚੋਣਾਂ ਵਿਚ ਪ੍ਰਾਪਤ ਕੀਤੀਆਂ ਜਿਤਾਂ ਦਾ ਸਿਹਰਾ ਪਾਰਟੀ ਵਰਕਰਾਂ ਸਿਰ ਬੰਨਦੇ ਕਿਹਾ ਕਿ ਇਹ ਸਾਰਾ ਕੁੱਝ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਚਲਾਉਣ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਹੀ ਉਨ੍ਹਾਂ ਲਈ ਸਹੀ ਮਾਰਗ ਦਰਸ਼ਕ ਸਾਬਤ ਹੋਏ। ਪਾਰਟੀ ਪ੍ਰਧਾਨ ਚੁਣੇ ਜਾਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਸ. ਬਾਦਲ ਨੇ ਸਾਰੇ ਡੈਲੀਗੇਟ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਰਗੇ ਰਾਜ ਜਿੱਥੇ ਪੰਜਾਬੀ ਰਹਿ ਰਹੇ ਹਨ, ਵਿਖੇ ਚੋਣ ਮੈਦਾਨ ਵਿਚ ਨਿਤਰੇਗੀ।