ਬਰੇਟਾ, 4 ਮਈ (ਸੁਖਜਿੰਦਰ ਸੰਘਰੇੜ੍ਹੀ, ਖਾਲਸਾ ਕਾਹਨਗੜ੍ਹ)- ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦੇ ਨਜਦੀਕੀ ਪਿੰਡ ਰੰਘੜਿਆਲ ਦੇ ਇੱਕ ਕਿਸਾਨ ਨੇ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਪਿੰਡ ਰੰਘੜਿਆਲ ਦਾ ਕਿਸਾਨ ਬੇਅੰਤ ਸਿੰਘ ਪੁੱਤਰ ਜਗਰੂਪ ਸਿੰਘ ਜਿਸ ਕੋਲ ਤਿੰਨ ਏਕੜ ਜਮੀਨ ਸੀ ਅਤੇ ਉਹ ਇਸ ਜਮੀਨ ਨਾਲ ਅਤੇ ਠੇਕੇ ਤੇ ਹੋਰ ਜਮੀਨ ਠੇਕੇ ਤੇ ਲੈ ਕੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਇਸ ਕਿਸਾਨ ਸਿਰ ਬੈਂਕ ਦੀ ਲਿਮਟ,ਸਹਿਕਾਰੀ ਸਭਾ ਅਤੇ ਪ੍ਰਾਈਵੇਟ ਦੇਣਦਾਰੀ ਸਮੇਤ ਲਗਭਗ 8 ਤੋਂ 10 ਲੱਖ ਰੁਪਏ ਦਾ ਕਰਜਾ ਸੀ ਜਿਸ ਨੂੰ ਉਸ ਨੇ ਉਤਾਰਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਾਨ ਤੋ ਇਹ ਕਰਜਾ ਨਾ ਲਹਿ ਸਕਿਆ ਅਤੇ ਪਿਛਲੇ ਸਾਲ ਕਿਸਾਨ ਦਾ ਇੱਕ ਏਕੜ ਜਮੀਨ ਵੀ ਕਰਜੇ ਦੀ ਭੇਂਟ ਚੜ੍ਹ ਗਈ।ਇਹ ਇੱਕ ਏਕੜ ਜਮੀਨ ਵੇਚ ਕੇ ਵੀ ਉਸ ਦਾ ਕਰਜਾ ਨਾ ਲਹਿ ਸਕਿਆ ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਵੀਰਵਾਰ ਨੂੰ ਸਵੇਰ ਸਮੇ ਉਹ ਅਪਣੇ ਖੇਤ ਗਿਆ ਜਿੱਥੇ ਉਸ ਨੇ ਕੋਈ ਜਹਿਰੀਲੀ ਵਸਤੂ ਖਾ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।ਪਰਿਵਾਰਕ ਮੈਬਰਾਂ ਦੇ ਦੱਸਣ ਅਨੂਸਾਰ ਬੇਅੰਤ ਸਿੰਘ ਦਾ 20 ਸਾਲਾਂ ਦਾ ਲੜਕਾ ਗੁਰਸੇਵਕ ਸਿੰਘ 12ਵੀ ਜਮਾਤ ਵਿੱਚ ਪੜ੍ਹਦਾ ਸੀ ਜਿਸ ਨੂੰ ਵੀ ਆਰਥਿਕ ਤੰਗੀ ਕਾਰਨ ਸਕੂਲ ਤੋ ਹਟਾ ਲਿਆ ਗਿਆ ਜਿਸ ਕਾਰਨ ਵੀ ਬੇਅੰਤ ਸਿੰਘ ਭਾਰੀ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ।ਇਸ ਸਬੰਧੀ ਬਰੇਟਾ ਥਾਣੇ ਵਿੱਚ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।ਪਿੰਡ ਨਿਵਾਸੀਆਂ ਨੇ ਸਰਕਾਰ ਪਾਸੋਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ।
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ



