ਤਲਵੰਡੀ ਸਾਬੋ 31 ਅਗਸਤ (ਰਣਜੀਤ ਸਿੰਘ ਰਾਜੂ) ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਰਹਿ ਚੁੱਕੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਗੁਰਚਰਨ ਸਿੰਘ ਟੋਹੜਾ ਦੇ ਨੇੜਲੇ ਸਾਥੀਆਂ ਵਿੱਚ ਗਿਣੇ ਜਾਂਦੇ ਰਹੇ ਸਿੱਖ ਧਰਮ ਦੇ ਪ੍ਰਮੁੱਖ ਧਾਰਮਿਕ ਆਗੂ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਮਿੱਠਾ ਸਿੰਘ ਜੀ ਨੂੰ ਅੱਜ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨੂੰ ਨਾਂ ਦੇਖਦਿਆਂ ਬਠਿੰਡਾ ਤੋਂ ਵਿਸ਼ੇਸ ਹਵਾਈ ਜਹਾਜ ਰਾਂਹੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਬਿਹਤਰ ਇਲਾਜ ਲਈ ਰਵਾਨਾ ਕਰ ਦਿੱਤਾ ਗਿਆ।ਉਨ੍ਹਾਂ ਨੂੰ ਰਵਾਨਾ ਕਰਨ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ,ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਪੁੱਜੇ ਹੋਏ ਸਨ। ਇੱਥੇ ਦੱਸਣਾ ਬਣਦਾ ਹੈ ਕਿ ਸਿੱਖ ਧਾਰਮਿਕ ਆਗੂ ਬਾਬਾ ਮਿੱਠਾ ਸਿੰਘ ਆਪਣੀ ਬਜੁਰਗ ਅਵਸਥਾ ਦੇ ਚਲਦਿਆਂ ਪਿਛਲੇ ਕੁਝ ਸਮੇਂ ਤੋਂ ਥੋੜਾ ਬਹੁਤ ਬਿਮਾਰ ਚੱਲੇ ਆ ਰਹੇ ਸਨ ਪ੍ਰੰਤੂ ਬੀਤੇ ਸੋਮਵਾਰ ਦਿਲ ਅਤੇ ਦਿਮਾਗ ਦੀ ਕਿਸੇ ਬਿਮਾਰੀ ਕਾਰਣ ਉਨ੍ਹਾਂ ਨੂੰ ਬਠਿੰਡਾ ਦੇ ਇੱਕ ਦਿਲ ਦੇ ਰੋਗਾਂ ਦੇ ਵਿਸ਼ੇਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ ਵਿੱਚ ਰੱਖਿਆ ਗਿਆ ਸੀ।ਬੀਤੇ ਦਿਨ ਤੋਂ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਪ੍ਰੰਤੂ ਬੀਤੀ ਦੇਰ ਰਾਤ ਤੱਕ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਾਂ ਹੁੰਦਾ ਦੇਖ ਉਨ੍ਹਾਂ ਦੇ ਸੇਵਾਦਾਰਾਂ ਨੇ ਬਾਬਾ ਮਿੱਠਾ ਸਿੰਘ ਦੇ ਖਾਸ ਸਾਥੀਆਂ ਵਿੱਚੋਂ ਇੱਕ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਇਸਦੀ ਸੂਚਨਾ ਦਿੱਤੀ ਸੀ ਤੇ ਬੀਤੀ ਰਾਤ ਤੋਂ ਹੀ ਵਿਧਾਇਕ ਅਤੇ ਗੁ:ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਖੇ ਇਲਾਜ ਲਈ ਲਿਆਉਣ ਦਾ ਫੈਸਲਾ ਲੈ ਲਿਆ ਗਿਆ ਸੀ।ਗੁ:ਸਿਹਬ ਦੇ ਪ੍ਰਬੰਧਕਾਂ ਦੀ ਬੇਨਤੀ ਤੇ ਹੀ ਵਿਧਾਇਕ ਸਿੱਧੁ ਨੇ ਬਾਬਾ ਮਿੱਠਾ ਸਿੰਘ ਨੂੰ ਦਿੱਲੀ ਲਿਆਉਣ ਲਈ ਇੱਕ ਕਿਰਾਏ ਦੇ ਨਿੱਜੀ ਹਵਾਈ ਜਹਾਜ ਨੂੰ ਬਠਿੰਡਾ ਭੇਜਿਆ ਸੀ।ਦਿੱਲੀ ਵਿਖੇ ਇਲਾਜ ਦੇ ਪ੍ਰਬੰਧਾਂ ਲਈ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰਾਂ ਬਾਬਾ ਛੋਟਾ ਸਿੰਘ ਤੇ ਬਾਬਾ ਕਾਕਾ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਬੀਤੀ ਦੇਰ ਰਾਤ ਹੀ ਦਿੱਲੀ ਦੇ ਏਮਜ ਹਸਪਤਾਲ ਪੁੱਜ ਗਈ ਸੀ।ਉੱਧਰ ਪਤਾ ਇਹ ਵੀ ਲੱਗਾ ਹੈ ਕਿ ਅਕਾਲ ਟਰੱਸਟ ਬੜੂੰ ਸਾਹਿਬ ਦੇ ਮੁਖੀ ਬਾਬਾ ਇਕਬਾਲ ਸਿੰਘ ਵੀ ਦਿੱਲੀ ਪੁੱਜ ਗਏ ਹਨ।ਅੱਜ ਸਵੇਰੇ ਕਰੀਬ 11:30 ਵਜੇ ਬਾਬਾ ਮਿੱਠਾ ਸਿੰਘ ਨੂੰ ਦਿੱਲੀ ਲੈ ਜਾਣ ਲਈ ਉਕਤ ਵਿਸ਼ੇਸ ਹਵਾਈ ਜਹਾਜ ਬਠਿੰਡਾ ਦੇ ਭੀਸੀਆਣਾ ਹਵਾਈ ਅੱਡੇ ਤੇ ਪੁੱਜ ਗਿਆ ਸੀ।ਅੱਜ ਉਨ੍ਹਾਂ ਨੂੰ ਇਲਾਜ ਲਈ ਇੱਥੋਂ ਰਵਾਨਾ ਕਰਨ ਮੌਕੇ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਭਾਈ ਭਰਪੂਰ ਸਿੰਘ,ਗੁ:ਬੁੰਗਾ ਮਸਤੂਆਣਾ ਦੇ ਬਾਬਾ ਅਵਤਾਰ ਸਿੰਘ,ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ,ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਤੇਜ ਸਿੰਘ ਜੋਧਪੁਰ,ਬਲਾਕ ਕਾਂਗਰਸ ਤਲਵੰਡੀ ਸਾਬੋ ਦੇ ਪ੍ਰਧਾਨ ਬਾਬੂ ਸਿੰਘ ਮਾਨ,ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਮੈਨੂੰਆਣਾ,ਕਾਂਗਰਸੀ ਆਗੂ ਭੋਲਾ ਕਲਾਲਵਾਲਾ ਆਦਿ ਪੁੱਜੇ ਹੋਏ ਸਨ।ਉੱਧਰ ਬਾਬਾ ਮਿੱਠਾ ਸਿੰਘ ਦੀ ਸਿਹਤਯਾਬੀ ਲਈ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਸ਼ਰਧਾਲੂਆਂ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।