ਅਨੰਦਪੁਰ ਸਾਹਿਬ, 31 ਅਗਸਤ (ਦਵਿੰਦਰ ਪਾਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਰਹੂਮ ਜਥੇਦਾਰ ਗਿਆਨੀ ਤਰਲੋਚਨ ਸਿੰਘ ਜੀ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਯਾਦ ਵਿਚ ਵੀਰਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਿੱਖ ਮਿਸ਼ਨਰੀ ਕਾਲਜ, ਇਸਤਰੀ ਸਤਿਸੰਗ ਸਭਾ, ਅਮਨ ਤੇ ਵਿਕਾਸ ਕਮੇਟੀ ਅਤੇ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗਿਆਨੀ ਤਰਲੋਚਨ ਸਿੰਘ ਜੀ ਵੱਲੋਂ ਕੌਮ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ ਗਿਆ। ਪਹਿਲਾਂ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਸਿਖ ਮਿਸ਼ਨਰੀ ਕਾਲਜ ਦੇ ਬੱਚਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ, ਇਸ ਸਮੇਂ ਗੁਰਵਿੰਦਰ ਸਿੰਘ ਹੈਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ ਸਾਹਿਬ ਨੇ ਸੰਗਤਾਂ ਨਾਲ ਗਿਆਨੀ ਤਰਲੋਚਨ ਸਿੰਘ ਜੀ ਬਾਰੇ ਵਿਚਾਰ ਸਾਂਝੇ ਕੀਤੇ।

ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ ਸਾਹਿਬ ਵਾਲਿਆਂ ਨੇ ਸੰਗਤਾਂ ਨਾਲ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ ਅਤੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਨੇ ਅਨੰਦੁ ਸਾਹਿਬ ਦਾ ਪਾਠ ਕੀਤਾ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਜੀ ਵੱਲੋਂ ਗਿਆਨੀ ਤਰਲੋਚਨ ਸਿੰਘ ਜੀ ਦੇ ਪਰਿਵਾਰ ਨੂੰ ਬਲ ਬਖਸ਼ਣ ਅਤੇ ਭਾਣਾ ਮੰਨਣ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗਿਆਨੀ ਤਰਲੋਚਨ ਸਿੰਘ ਦੇ ਸਪੁੱਤਰ ਹਰਦੇਵ ਸਿੰਘ (ਸੂਚਨਾ ਅਫਸਰ) ਅਤੇ ਤਰਲੋਚਨ ਸਿੰਘ ਜੀ ਦੀ ਪਤਨੀ ਬੀਬੀ ਅਵਤਾਰ ਕੌਰ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸ ਸਮਾਗਮ ਦੌਰਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਪ੍ਰਿੰ. ਸੁਰਿੰਦਰ ਸਿੰਘ, ਮਾਸਟਰ ਜੰਗ ਸਿੰਘ ਕਨਵੀਨਰ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇ. ਸੰਤੋਖ ਸਿੰਘ, ਦਲਜੀਤ ਸਿੰਘ ਭਿੰਡਰ, ਜਸਵਿੰਦਰ ਸਿੰਘ ਢਿੱਲੋਂ, ਪ੍ਰਿੰ. ਨਿਰੰਜਣ ਸਿੰਘ, ਪ੍ਰਿੰ:ਹਰਸਿਮਰਨ ਸਿੰਘ, ਬਘੇਲ ਸਿੰਘ ਬਾਵਾ, ਅਮਰਜੀਤ ਸਿੰਘ ਵਾਲੀਆ ਚੰਡੀਗੜ੍ਹ, ਸਵਰਨ ਸਿੰਘ ਨੂਰਪੁਰ ਬੇਦੀ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਹਰਦੇਵ ਸਿੰਘ ਦੇਬੀ, ਗੁਰਪ੍ਰੀਤ ਸਿੰਘ ਗੋਲਡੀ ਪ੍ਰਧਾਨ ਸਿੱਖ ਨੌਜਵਾਨ ਸਭਾ, ਕੁਲਦੀਪ ਸਿੰਘ ਬੰਗਾ ਅਤੇ ਸ਼ਹਿਰ ਦੀਆਂ ਕਈ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਸ਼ਾਮਿਲ ਸਨ।