Skip to content
Independent perspectives. Global stories.
BREAKING

ਥਾਣਾ ਮੁਖੀਆਂ ਦੀਆਂ ਬਦਲੀਆਂ ਦਾ ਮਾਮਲਾ ਭਖ਼ਿਆ

Share this story

image ਸੰਗਰੂਰ, 6 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਬਦਲੀ ਹੋਣ ਉਪਰੰਤ ਚਾਰਜ ਛੱਡਣ ਤੋਂ ਐਨ ਪਹਿਲਾਂ ਜ਼ਿਲ੍ਹਾ ਪੁਲੀਸ ਮੁਖੀ ਇੰਦਰਬੀਰ ਸਿੰਘ ਵੱਲੋਂ ਵੱਡੇ ਪੱਧਰ ‘ਤੇ ਥਾਣਾ ਮੁਖੀਆਂ ਦੀਆਂ ਕੀਤੀਆਂ ਬਦਲੀਆਂ ਦਾ ਮਾਮਲਾ ਭਖ ਗਿਆ ਹੈ। ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਇਸ ਮਾਮਲੇ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਕੋਲ ਉਠਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਅਚਨਚੇਤ ਕੀਤੀਆਂ ਬਦਲੀਆਂ ਪਿਛਲੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਇੰਦਰਬੀਰ ਸਿੰਘ ਦੀ ਬਦਲੀ ਹੋ ਗਈ ਸੀ ਤਾਂ ਉਨ੍ਹਾਂ ਵੱਲੋਂ ਵੱਡੇ ਪੱਧਰ ‘ਤੇ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਦੀਆਂ ਬਦਲੀਆਂ ਕਿਉਂ ਕੀਤੀਆਂ ਗਈਆਂ ਤੇ ਇਨ੍ਹਾਂ ਬਦਲੀਆਂ ਪਿੱਛੇ ਕੀ ਉਦੇਸ਼ ਸੀ। ਸ੍ਰੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਪਟਿਆਲਾ ਰੇਂਜ ਦੇ ਆਈਜੀ (ਪੁਲੀਸ) ਏ.ਐਸ. ਰਾਏ ਕੋਲ ਉਠਾਇਆ, ਜਿਸ ਤੋਂ ਬਾਅਦ ਨਵੇਂ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਬਦਲੀਆਂ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਛੇਤੀ ਇਸ ਮਾਮਲੇ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਕੋਲ ਉਠਾਉਣਗੇ। ਜ਼ਿਕਰਯੋਗ ਹੈ ਕਿ ਪਹਿਲੀ ਅਪਰੈਲ ਨੂੰ ਪੰਜਾਬ ਸਰਕਾਰ ਨੇ ਪੁਲੀਸ ਤੇ ਪ੍ਰਸ਼ਾਸਨ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਸੀ ਜਿਸ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਇੰਦਰਬੀਰ ਸਿੰਘ ਦੀ ਵੀ ਬਦਲੀ ਹੋ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਇੰਦਰਬੀਰ ਸਿੰਘ ਨੇ ਬਦਲੀ ਤੋਂ ਅਗਲੇ ਦਿਨ 2 ਅਪਰੈਲ ਨੂੰ ਚਾਰਜ ਛੱਡਣ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਪੁਲੀਸ ਥਾਣਾ ਮੁਖੀਆਂ ਦੀਆਂ ਬਦਲੀਆਂ ਕਰਕੇ  ਨਵੇਂ ਥਾਣਾ ਮੁਖੀ ਨਿਯੁਕਤ ਕਰ ਦਿੱਤੇ ਸਨ। ਥਾਣਾ ਮੁਖੀਆਂ ਦੀਆਂ ਬਦਲੀਆਂ ਦੇ ਹੁਕਮ ਤਾਂ ਭਾਵੇਂ ਰੱਦ ਕਰ ਦਿੱਤੇ ਗਏ ਹਨ ਪਰ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਣ ਕਾਰਨ ਮਾਮਲਾ ਮੁੜ ਭਖ ਗਿਆ ਹੈ।

WRITTEN BY