ਫਗਵਾੜਾ, 6 ਅਪ੍ਰੈਲ (ਪਰਵਿੰਦਰ ਜੀਤ ਸਿੰਘ)- ਗੁਰੂ ਰਵਿਦਾਸ ਟਾਇਗਰ ਫੋਰਸ ਵਲੋਂ ਅੱਜ ਫੋਰਸ ਦੇ ਚੇਅਰਮੈਨ ਯਸ਼ ਬਰਨਾ ਦੀ ਅਗਵਾਈ ਹੇਠ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਲਵੀਰ ਰਾਜਾ ਸੋਢੀ ਤੇ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਹਾਜਰੀ ਵਿਚ ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਗਈ ਕਿ ਵੱਖ-ਵੱਖ ਕਾਲਜਾਂ ਵਿਚ ਪੜ੍ਹਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕਵਰ ਹੋਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਸਕੀਮ ਨੂੰ ਜਲਦ ਤੋਂ ਜਲਦ ਪੰਜਾਬ ਵਿਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਇਸ ਬਾਰੇ ਗੱਲਬਾਤ ਕਰਦਿਆਂ ਯਸ਼ ਬਰਨਾ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋਡ ਸਰਕਾਰ ਵਲੋਂ ਇਸ ਸਕੀਮ ਦੇ ਰਾਖਵੇਂ ਫੰਡ ਨੂੰ ਆਪਣੇ ਨਿਜੀ ਹਿਤਾਂ ਵਿਚ ਖਰਚ ਕਰ ਲਿਆ ਗਿਆ ਜਿਸ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਰਿਹਾ ਹੈ ਪਰ ਹੁਣ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਹ ਮੰਗ ਕਰਦੇ ਹਨ ਕਿ ਕਾਲਜ ਪ੍ਰਬੰਧਕਾਂ ਨੂੰ ਇਹ ਨਿਰਦੇਸ਼ ਦਿੱਤਾ ਜਾਵੇ ਕਿ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਾਭ ਪਾਤਰੀ ਵਿਦਿਆਰਥੀਆਂ ਪਾਸੋਂ ਫੀਸਾਂ ਦੀ ਮੰਗ ਕਰਕੇ ਪਰੇਸ਼ਾਨ ਨਾ ਕਰਨ। ਉਹਨਾਂ ਇਹ ਮੰਗ ਵੀ ਕੀਤੀ ਕਿ ਕਾਲਜ ਪ੍ਰਬੰਧਕਾਂ ਨੂੰ ਸਮੇਂ ਸਿਰ ਗ੍ਰਾਂਟ ਰਾਸ਼ੀ ਦਾ ਭੁਗਤਾਨ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਤਲਖੀ ਵਾਲੀ ਸਥਿਤੀ ਪੈਦਾ ਨਾ ਹੋਵੇ। ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿਤਾ ਕਿ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਰਲਰਸ਼ਿਪ ਸਕੀਮ ਦਾ ਪੂਰਾ ਲਾਭ ਦਿੱਤਾ ਜਾਵੇਗਾ। ਇਸ ਮੌਕੇ ਰਣਦੀਪ ਕੁਮਾਰ ਐਡਵੋਕੇਟ, ਗੁਰਮੀਤ ਪੰਡੋਰੀ, ਸਤੀਸ਼ ਬੰਟੀ ਆਦਿ ਵੀ ਹਾਜ਼ਰ ਸਨ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੂਰਨ ਤੌਰ ’ਤੇ ਲਾਗੂ ਕਰੇ ਕੈਪਟਨ ਸਰਕਾਰ : ਯਸ਼ ਬਰਨਾ



