ਤਲਵੰਡੀ ਸਾਬੋ 26 ਅਗਸਤ (ਰਣਜੀਤ ਸਿੰਘ ਰਾਜੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਵਾਅਦਿਆਂ ਦੀ ਯਾਦ ਤਾਜਾ ਕਰਵਾਉਣ ਲਈ ਬਲਾਕ ਕਾਂਗਰਸ ਕਮੇਟੀਆਂ ਨੂੰ ਬੇਰੋਜਗਾਰ ਦਫਤਰਾਂ ਵਿੱਚ ਬੇਰੋਜਗਾਰ ਨੌਜਵਾਨਾਂ ਦੇ ਨਾਂ ਦਰਜ ਕਰਵਾਉਣ ਦੀਆਂ ਜੋ ਹਿਦਾਇਤਾਂ ਦਿੱਤੀਆਂ ਸਨ ਉਸਤੇ ਅਮਲ ਕਰਦਿਆਂ ਬਲਾਕ ਕਾਂਗਰਸ ਕਮੇਟੀ ਤਲਵੰਡੀ ਸਾਬੋ ਵੱਲੋਂ ਅੱਜ ਸਥਾਨਕ ਰੋਜਗਾਰ ਦਫਤਰ ਵਿੱਚ ਛੇ ਦਰਜਨ ਦੇ ਕਰੀਬ ਬੇਰੋਜਗਾਰ ਨੌਜਵਾਨਾਂ ਦੇ ਨਾਂ ਦਰਜ ਕਰਵਾਏ ਗਏ।

ਅੱਜ ਸਵੇਰ ਤੋਂ ਹੀ ਕਾਂਗਰਸ ਪਾਰਟੀ ਦੇ ਸੱਦੇ ਤੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਬੇਰੋਜਗਾਰ ਨੌਜਵਾਨ ਆਪਣੇ ਨਾਮ ਦਰਜ ਕਰਵਾਉਣ ਲਈ ਪਹੁੰਚੇ ਹੋਏ ਸਨ। ਸਮੂਹ ਬੇਰੋਜਗਾਰ ਨੌਜਵਾਨਾਂ ਨੇ ਬਲਾਕ ਕਾਂਗਰਸ ਪ੍ਰਧਾਨ ਬਾਬੂ ਸਿੰਘ ਮਾਨ ਦੀ ਅਗਵਾਈ ਵਿੱਚ ਆਪਣੇ ਨਾਂ ਰੋਜਗਾਰ ਅਧਿਕਾਰੀ ਕੋਲ ਦਰਜ ਕਰਵਾਏ।ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਬਾਬੂ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਨੇ ਚੋਣ ਮਨੋਰਥ ਪੱਤਰ ਰਾਂਹੀ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਰੋਜਗਾਰ ਨਾਂ ਮਿਲਣ ਦੀ ਸੂਰਤ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ 1000 ਰੁਪਏ ਬੇਰੋਜਗਾਰੀ ਭੱਤਾ ਦਿੱਤਾ ਜਾਵੇਗਾ ਪ੍ਰੰਤੂ ਹਾਲਤ ਇਹ ਹੈ ਕਿ ਸਰਕਾਰ ਦਾ ਡੇਢ ਸਾਲ ਲੰਘ ਜਾਣ ਦੇ ਬਾਵਜੂਦ ਸਰਕਾਰ ਨੇ ਬੇਰੋਜਗਾਰਾਂ ਦੀ ਸਾਰ ਨਹੀ ਲਈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਸਦਾ ਵਾਅਦਾ ਯਾਦ ਕਰਵਾਉਣ ਲਈ ਹੀ ਬੇਰੋਜਗਾਰ ਨੌਜਵਾਨਾਂ ਦੇ ਨਾਂ ਰੋਜਗਾਰ ਦਫਤਰਾਂ ਵਿੱਚ ਦਰਜ ਕਰਵਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਵੱਡੀ ਗਿਣਤੀ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ ਲਿਆ ਕੇ ਰੋਜਗਾਰ ਦਫਤਰ ਵਿੱਚ ਨਾਂ ਦਰਜ ਕਰਵਾਉਣ। ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਮੀਤ ਪ੍ਰਧਾਨ ਅਵਤਾਰ ਮੈਨੂੰਆਣਾ ਤੋਂ ਇਲਾਵਾ ਮੋਤੀ ਸਿੰਘ ਭਾਗੀਵਾਂਦਰ ਜਿਲ੍ਹਾ ਸਕੱਤਰ, ਮਹਿੰਦਰ ਸਿੰਘ ਪੰਚ ਭਾਗੀਵਾਂਦਰ, ਬਲਜਿੰਦਰ ਸਿੰਘ ਪੰਚ ਬਹਿਮਣ ਕੌਰ ਸਿੰਘ, ਸੁਖਵਿੰਦਰ ਸਿੰਘ ਪੰਚ ਬਹਿਮਣ, ਲਖਵਿੰਦਰ ਸਿੰਘ,ਭੋਲਾ ਸਿੰਘ, ਕਿਰਨਜੀਤ ਕੌਰ, ਅੰਮ੍ਰਿਤਪਾਲ ਕੌਰ ਬਹਿਮਣ, ਰਾਜਵੀਰ ਕੌਰ ਬੁਰਜ ਮਾਨਸਾ, ਵੀਰਪਾਲ ਕੌਰ ਬੁਰਜ ਮਾਨਸਾ, ਅਮਨਦੀਪ ਕੌਰ ਭਾਗੀਵਾਂਦਰ ਆਦਿ ਹਾਜਿਰ ਸਨ।