ਫਰੀਦਕੋਟ, 26 ਅਗਸਤ (ਹੈਰੀ)-ਫਰੀਦਕੋਟ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਉਸ ਵੇਲੇ ਹੱਥ ਲੱਗੀ ਜਦੋਂ ਪਿੱਛਲੇ ਕਰੀਬ ਚਾਰ ਮਹੀਨਿਆਂ ਤੋਂ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਚਦੇ ਆ ਰਹੇ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਪੁਲਿਸ ਦੇ ਹੱਥੇ ਚੜ੍ਹ ਗਏ। ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੀ ਇੱਕ ਮਾਰਚ ਨੂੰ ਕੋਟਕਪੂਰਾ ਵਾਸੀ ਰਮੇਸ਼ ਕੁਮਾਰ ਜੋ ਕਿ ਮਨੀ ਚੇਂਜਰ ਦਾ ਕੰਮ ਕਰਦਾ ਹੈ।

ਜਦ ਉਹ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ ਤਾਂ ਉਕਤ ਦੋਸ਼ੀਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਕੋਲੋਂ ਕਰੀਬ 12 ਲੱਖ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਲੁੱਟ ਲਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਬਾਈਪਾਸ ਫੋਕਲ ਪੁਆਂਇੰਟ ਕੋਲ ਲੱਗੇ ਨਾਕੇ ‘ਤੇ ਤਿੰਨ ਮੋਟਸਾਇਕਲ ਸਵਾਰ ਪੁਲਿਸ ਨੂੰ ਦੇਖਦੇ ਭੱਜ ਤੁਰੇ। ਜਦ ਉਨ੍ਹਾਂ ਦਾ ਪਿੱਛਾ ਕਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਦੋਸ਼ੀਆਂ ਦੀ ਪਛਾਣ ਵਿਨੈ ਕਟਾਰੀਆ ਪੁੱਤਰ ਵਿਜੇ ਕਟਾਰੀਆ, ਰਵਿੰਦਰ ਉਰਫ ਰਵੀ ਅਤੇ ਸ਼ੰਦੀਪ ਕੁਮਾਰ ਵਾਸੀ ਕੋਟਕਪੂਰਾ ਵਜੋਂ ਹੋਈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਲੁੱਟੇ ਗਏ ਕਰੀਬ ਪੌਣੇ ਅੱਠ ਲੱਖ ਰੁਪਏ ਅਤੇ ਲੁੱਟ ਦੀ ਰਕਮ ਵਿੱਚੋਂ ਹੀ ਖਰੀਦਿਆ ਇੱਕ ਮੋਟਰਸਾਇਕਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕੋਟ ‘ਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।