ਬਗਦਾਦ, 26 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਗਦਾਦ ਅਤੇ ਉਤਰੀ ਇਰਾਕ ਵਿਚ ਹੋਏ ਵੱਖ-ਵੱਖ ਹਮਲਿਆਂ ਵਿਚ 48 ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਬਾਵਜੂਦ ਅਧਿਕਾਰੀ ਹਿੰਸਾ ਦੇ ਇਸ ਦੌਰ ਨੂੰ ਰੋਕਣ ਵਿਚ ਅਸਫ਼ਲ ਰਹੇ ਹਨ।ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਅੱਤਵਾਦ-ਵਿਰੋਧੀ ਅਭਿਆਨ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਸੀ। ਜਾਣਕਾਰੀ ਮੁਤਾਬਕ ਇਸ ਅਭਿਆਨ ਵਿਚ ਸੈਂਕੜੇ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਦਰਜਨਾਂ ਮਾਰੇ ਜਾ ਚੁੱਕੇ ਹਨ।ਇਨ੍ਹਾਂ ਹਮਲਿਆਂ ਵਿਚ ਬਗਦਾਦ ਸ਼ਹਿਰ ਤੋਂ ਇਲਾਵਾ ਸੁੰਨੀ ਅਰਬ ਬਹੁਲ ਇਲਾਕਿਆਂ ਅਤੇ ਉਤਰੀ ਸ਼ਹਿਰਾਂ ਵਿਚ ਹੋਏ ਪ੍ਰੰਤੂ ਸਭ ਤੋਂ ਭਿਆਨਕ ਹਮਲਾ ਰਾਜਧਾਨੀ ਬਗਦਾਦ ਵਿਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸ਼ਾਮ 4 ਵਜੇ ਤੋਂ ਸਾਢੇ ਪੰਜ ਵਜੇ ਦੇ ਕਰੀਬ ਹੋਇਆ ਅਤੇ ਇਲਾਕੇ ਵਿਚ ਦੋ ਕਾਰ ਬੰਬ ਧਮਾਕੇ ਅਤੇ ਇਕ ਸੜਕ ਕਿਨਾਰੇ ਲੱਗੇ ਬੰਬ ਵਿਚ ਵਿਸਫੋਟ ਹੋਇਆ। ਇਨ੍ਹਾਂ ਵਿਸਫੋਟਾਂ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਬਾਕੁਬਾ ਵਿਚ ਹੋਏ ਹਮਲੇ ਵਿਚ 9 ਲੋਕਾਂ ਦੀ ਮੌਤ ਅਤੇ 47 ਜ਼ਖ਼ਮੀ ਹੋ ਗਏ ਹਨ। ਧਮਾਕੇ ਸ਼ਹਿਰ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੱਡਾ ਹਮਲਾ ਮੋਸੁਲ ਸ਼ਹਿਰ ਵਿਚ ਹੋਇਆ। ਅੱਤਵਾਦੀਆਂ ਨੇ ਇਥੇ ਇਕ ਫਰਜ਼ੀ ਸੁਰੱਖਿਆ ਚੈਕ ਪੋਸਟ ਬਣਾ ਕੇ ਪੰਜ ਸੈਨਿਕਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸੇ ਤਰ੍ਹਾਂ ਮੋਸੁਲ ਸ਼ਹਿਰ ਵਿਚ ਇਕ ਤੇਜ਼ ਰਫ਼ਤਾਰ ਕਾਰ ਵਿਚ ਸਵਾਰ ਬੰਦੂਕਧਾਰੀਆਂ ਨੇ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।