June 12, 2026 3:54 am

ਕੀ ਪਹਾੜੀ ਰਾਜੇ ਨਾਲ ਬਣੀ ਨਵੀਂ ਰਿਸ਼ਤੇਦਾਰੀ ਕੈਪਟਨ ਦੀ ਸਿਆਸੀ ਬੇੜੀ ਨੂੰ ਮੰਝਧਾਰ ‘ਚੋਂ ਕੱਢ ਸਕੇਗੀ?

ਟਾਂਗਰਾ , 26 ਅਗੱਸਤ (ਕੁਲਵਿੰਦਰ ਸਿੰਘ ਦੁਸਾਂਝ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ  ਪੰਜਾਬ ਕਾਂਗਰਸ ਦੇ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ  ਦੇ ਸਿਆਸੀ ਜੀਵਨ ਦੀ ਬੇੜੀ ਮੰਝਧਾਰ ‘ਚ ਡਿੱਕੋਡੋਲੀ ਖਾਦੀ  ਹੋਈ ਪ੍ਰਤੀਤ ਹੁੰਦੀ ਹੈ ਦੀ ਹਿਮਾਚਲ ਦੀ ਬੁਸ਼ੈਹਿਰ ਰਿਆਸਤ ਦੇ  ਸ਼ਾਹੀ ਪਰਿਵਾਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਨਾਲ ਬਣੀ ਨਵੀਂ ਰਿਸ਼ਤੇਦਾਰੀ ਕੈਪਟਨ ਸਾਹਿਬ ਦੀ ਸਿਆਸਤ ‘ਚ ਹੋਈ ਉਥਲ-ਪੁਥਲ ਦੇ ਕੋਈ ਸਾਰਥਕ ਨਤੀਜੇ ਲਿਆਉਣ ‘ਚ ਸਫਲ ਹੋ ਸਕੇਗੀ ਅਤੇ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਗਰੂਰ ਤੋਂ ਤੇਜੀ ਨਾਲ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ ਅਤੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬਾਰੇ ਕੀਤੀ ਤਾਜਾ ਬਿਆਨਬਾਜੀ ਅਤੇ ਪਾਰਟੀ ਦੇ ਵਿਧਾਇਕਾਂ ਅਤੇ ਸੀਨੀਅਰ ਕਾਂਗਰਸੀਆਂ ‘ਤੇ ਪਾਰਟੀ ਅਹੁਦੇਦਾਰਾਂ ਨੂੰ ਚੰਡੀਗੜ੍ਹ ਵਿਖੇ ਕੱਲ੍ਹ ਦਿੱਤਾ ਗਿਆ ਦੁਪੈਹਿਰ ਦਾ ਖਾਣਾ ਵਿਸ਼ੇਸ਼ ਧਿਆਨ ਦੇਣ ਦੇ ਮੰਤਵ ਦਾ ਮਹੱਤਵ ਰੱਖਦਾ ਹੈ । ਸ਼ਾਹੀ ਪਰਿਵਾਰ ਪਟਿਆਲਾ ਨਾਲ ਸਬੰਧਤ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ ਨੂੰ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹੋਈ ਪਾਰਟੀ ਦੀ ਆਸ ਦੇ ਉਲਟ ਹਾਰ ਕਾਰਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ । ਥੋੜੇ ਫਰਕ ਨਾਲ ਪਾਰਟੀ ਦੇ ਸਰਕਾਰ ਦੇ ਦਰਬਾਰ ਤੋਂ ਪਿੱਛੇ ਰਹਿ ਜਾਣ ਕਾਰਨ ਪਾਰਟੀ ਦੇ ਬਹੁਤ ਸਾਰੇ ਆਗੂਆਂ ਵੱਲੋਂ ਪਾਰਟੀ ਦੀ ਹਾਰ ਦਾ ਦੋਸ਼ ਕੈਪਟਨ ਅਮਰਿੰਦਰ ਸਿੰਘ ਉਪੱਰ ਹੀ ਮੜ੍ਹਿਆ ਗਿਆ ਸੀ । ਬੇਸ਼ੱਕ ਇਸ ਹਾਰ ਦਾ ਵੱਡਾ ਕਾਰਨ ਇੱਕ ਹੋਰ ਕਾਂਗਰਸੀ ਆਗੂ ਗੁਰਚੈਨ ਸਿੰਘ ਚੜਕ ਨੂੰ ਵੀ ਮੰਨਿਆ ਜਾਂਦਾ ਹੈ ਅਤੇ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਵੇਲੇ ਉਸ ਵੱਲੋਂ ਕੀਤੀਆਂ ਆਪਹੁਦਰੀਆਂ ਅਤੇ ਟਿਕਟਾਂ ਬਦਲਣ ਦਾ ਕਾਰਨ ਹੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਦਾ ਪ੍ਰਮੱਖ ਕਾਰਨ ਬਣਿਆ ਸੀ ਪਰ ‘ ਲੜੇ ਫੌਜ ਤੇ ਨਾਂ ਸਰਕਾਰ ਦਾ ‘ ਵਾਲੀ ਕਹਾਵਤ ਅਨੁਸਾਰ ਪਾਰਟੀ ਦੀ ਪੰਜਾਬ ਵਿਧਾਨ ਸਭਾ ‘ ਚ ਹਾਰ ਦਾ ਭਾਂਡਾ ਕੈਪਟਨ ਸਾਹਿਬ ਸਿਰ ਹੀ ਭੱਜਿਆ ਸੀ । ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਵਾਗਡੋਰ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪ ਦਿੱਤੇ ਜਾਣ ਕਾਰਨ ਕੈਪਟਨ ਸਾਹਿਬ ਨੇ ਪੰਜਾਬ ‘ਚ ਆਪਣੀਆਂ ਸਿਆਸੀ ਸਰਗਰਮੀਆਂ ਕਿਸੇ ਹੱਦ ਤੱਕ ਸੀਮਿਤ ਕਰ ਲਈਆਂ ਸਨ । ਪਰ ਹੁਣ ਨਵੇਂ ਬਣੇ ਸਮੀਕਰਣਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਸ੍ਰੀਮਤੀ ਜੈਇੰਦਰ ਕੌਰ ਦੇ ਸਪੁੱਤਰ ਅਤੇ ਮਹਾਰਾਜਾ ਸਾਹਿਬ ਦੇ ਦੋਹਤੇ ਸ੍ਰ. ਅੰਗਦ ਸਿੰਘ ਦੀ ਮੰਗਣੀ ਹਿਮਾਚਲ ਪ੍ਰਦੇਸ਼ ਦੀ ਰਿਆਸਤ ਬੁਸ਼ੈਹਿਰ ਦੇ ਸ਼ਾਹੀ ਪਰਿਵਾਰ ਦੇ ਰਾਜੇ ਅਤੇ ਹਿਮਾਚਲ ਦੇ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਦੀ ਛੋਟੀ ਸੁਪੱਤਰੀ ਅਪਰਾਜਿਤਾ ਮਿਤੀ 18.8.2013 ਨੂੰ ਦਿੱਲੀ ਵਿਖੇ ਹੋ ਗਈ ਹੈ ਜਿਸ ਵਿੱਚ ਦੋਹਾਂ ਪਰਿਵਾਰਾਂ  ਦੇ ਜੀਆਂ ਨੇ ਸ਼ਮੂਲੀਅਤ ਕੀਤੀ ਸੀ ਪਰੰਤੂ ਮਹਾਰਾਜਾ ਅਮਰਿੰਦਰ ਸਿੰਘ ਵਿਦੇਸ਼ ‘ਚ ਹੋਣ ਕਾਰਨ ਇਸ ‘ਰਿੰਗ ਸੈਰੇਮਿਨੀ ‘ ਚ ਸ਼ਾਮਲ ਨਹੀਂ ਸਨ ਹੋ ਸਕੇ । ਇਧਰ ਪੰਜਾਬ ‘ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਚੋਣਾਂ ਹਾਰ ਜਾਣ ਕਾਰਨ ਕੈਪਟਨ ਅਮਰਿੰਦਰ ਸਿੰਘ ਕੋਲੋਂ ਪ੍ਰਧਾਨਗੀ ਦਾ ਰੁਤਬਾ ਖੋਹ ਲਿਆ ਗਿਆ ਸੀ ਅਤੇ ਅਜੇ ਤੱਕ ਕੈਪਟਨ ਸਾਹਿਬ ਪੰਜਾਬ ਦੀ ਸਿਆਸਤ
‘ਚ ਪਾਰਟੀ ਪੱਧਰ ਅਤੇ ਕੇਡਰ ‘ ਚ ਹਾਸ਼ੀਏ ‘ਤੇ ਚੱਲ ਰਹੇ ਹਨ । ਪਰੰਤੂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਵੀਰਭੱਦਰ ਸਿੰਘ ਜਿਨ੍ਹਾਂ ਦੀ ਸਿਆਸੀ ਬੇੜੀ ਸੀ.ਡੀ ਕਾਂਡ ਕਾਰਨ ਲੰਮਾ ਸਮਾਂ ਮੰਝਧਾਰ ‘ਚ ਡਿੱਕੋਡੋਲੇ ਖਾਂਦੀ ਰਹੀ ਸੀ ਆਪਣੀ ਸੂਝ ਬੂਝ ਨਾਲ ਸਾਰੀਆਂ ਅੜਚਨਾਂ ਨੂੰ ਪਾਰ ਕਰਕੇ ਅਤੇ ਵਿਰੋਧੀਆਂ ਨੂੰ ਚਿਤ ਕਰਕੇ ਛੇਵੀਂ ਵੇਰ ਹਿਮਾਚਲ ਪ੍ਰਦੇਸ਼ ਦੇ  ਮੁੱਖ ਮੰਤਰੀ ਦੇ ਆਸਣ ‘ਤੇ ਬਿਰਾਜਮਾਨ ਹਨ । ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਦੀ ਸਪੁਤਰੀ ਜੈਇੰਦਰ ਕੌਰ ਅਤੇ ਬੁਸ਼ੈਹਿਰ ਦੇ ਰਾਜਾ ਵੀਰਭੱਦਰ ਸਿੰਘ ਦੀ ਕੁੜਮਾਚਾਰੀ ਦੀ ਰਿਸ਼ਤੇਦਾਰੀ ਭਾਵੇਂ ਨਵੀਂ ਬਣੀ ਹੈ ਪਰੰਤੂ ਕੈਪਟਨ ਸਾਹਿਬ ਦਾ ਹਿਮਾਚਲ ਪ੍ਰਦੇਸ਼ ਨਾਲ ਪੁਸ਼ਤੈਨੀ ਰਿਸ਼ਤਾ ਹੈ ਅਤੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਗਾਨਾਂ ਚੋਂ ਇੱਕ ਕੰਡਿਆਲੀ ਜਿਲ੍ਹਾ ਸ਼ਿਮਲਾ ‘ਚ ਹੈ ਜੋ ਕਿ ਪਹਾੜੀ ਸਥਾਨ ਨਾਰਕੰਡਾ ਦੇ ਬਿਲਕੁੱਲ ਨਜਦੀਕ ਅਤੇ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਤੋਂ 60 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਦੂਸਰਾ ਡੋਚੀ ਜਿਲ੍ਹਾ ਸੋਲਨ ਜੋ ਕਿ ਕੰਡਾਘਾਟ – ਚੈਲ ਰਾਜਮਾਰਗ ‘ਤੇ ਸਥਿਤ ਹੈ ਅਤੇ ਮਹਾਰਾਜਾ ਸਾਹਿਬ ਦੀ ਪਾਕਿਸਤਾਨੀ ਪੱਤਰਕਾਰ ਦੋਸਤ ‘ਅਰੂਸਾ’ ਜਿਸਦੇ ਉਥੇ ਮਹਾਰਾਜਾ ਸਾਹਿਬ ਨਾਲ ਅਕਸਰ ਛੁਟੀਆਂ ਮਨਾਉਣ ਵਾਸਤੇ ਆਉਣ ਕਾਰਨ ਹਰੇਕ ਵਿਅਕਤੀ ਦੀ ਪਹਿਚਾਣ ਤੋਂ ਬਾਹਰਾ ਨਹੀਂ ਰਹਿ ਗਿਆ ਹੈ। ਪਰੰਤੂ ਮਹਾਰਾਜਾ ਸਾਹਿਬ ਦੇ ਪੰਜਾਬ ਦੀ  ਸਿਆਸਤ ‘ਚ ਆਰਾਮ ਫੁਰਮਾਉਣ ਸੁਭਾਅ ,ਜੀਵਨ ਜਾਚ ਦੀ ਵਿਲੱਖਣ ਸ਼ੈਲੀ ਸਬੰਧੀ ਪੰਜਾਬ ਵਾਸੀ ਜਾਣੂੰ ਹੁੰਦੇ ਹੋਏ ਵੀ ਉਨ੍ਹਾਂ ਦੀ ਧੜੱਲੇ ਵਾਲੀ ਸਿਆਸਤ ਅਤੇ ਰਾਜ ਕਰਨ ਦੀ ਕਾਰਜ ਪ੍ਰਣਾਲੀ ਦੇ ਕਾਇਲ ਹਨ ਅਤੇ ਪੰਜਾਬ ਦੇ ਪਾਣੀਆਂ ਬਾਰੇ ਵਿਧਾਨ ਸਭਾ ‘ਚ ਪਾਏ ਜਾਣ ਵਾਲੇ ਮਤੇ ਅਤੇ ਪੰਜਾਬ ਦੇ ਹਿਤਾਂ ਵਾਸਤੇ ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਬੇਬਾਕ ਟਿੱਪਣੀਆਂ ਕਾਰਨ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਦੀ ਕਿਸੇ ਨੁੱਕਰੇ ਵਿਸ਼ੇਸ਼ ਥਾਂ ਬਣਾਈ ਬੈਠੇ ਹਨ । ਉਧਰ ਸਿਆਸਤੀ ਘੁੰਮਣਘੇਰੀਆਂ ਦੇ ਮਾਹਿਰ ਰਾਜਾ ਵੀਰਭੱਦਰ ਸਿੰਘ ਜਿਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਸਿਆਸੀ ਪੰਡਤਾਂ ਨੇ ਸਿਆਸਤ ਤੋਂ ਬਾਹਰ ਹੋਏ ਸਮਝ ਕੇ 86 ਸਾਲਾ ਬਜੁਰਗ ਨੂੰ ਆਰਾਮ ਕਰਨ ਦੀ ਸਲਾਹ ਦੇ ਛੱਡੀ ਸੀ ਨੇ ਛੇਵੀਂ ਵੇਰ ਪਹਾੜੀ ਰਾਜ ਦਾ ਮੁੱਖ ਮੰਤਰੀ ਬਨਣ ਤੋਂ ਬਾਅਦ ਲੋਕ ਸਭਾ ਹਲਕਾ ਮੰਡੀ ਦੀ ਉਪੱ ਚੋਣ ਵੱਡੇ ਫਰਕ ਨਾਲ ਜਿੱਤ ਕੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਉਸਦੀ ਹੋਂਦ ਵਿਖਾ ਦਿੱਤੀ ਸੀ। ਉਥੇ ਵਿਦਿਆਰਥੀਆਂ ਦੀਆਂ ਜਥੇਬੰਦਕ ਚੋਣਾਂ ‘ਚ ਕਾਂਗਰਸ ਪਾਰਟੀ ਨਾਲ ਸਬੰਧਤ ਐਨ.ਐਸ.ਯੂ.ਆਈ. (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) ਨੇ ਭਾਜਪਾ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਨੂੰ ਏ.ਬੀ.ਵੀ.ਪੀ (ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ) ਨੂੰ ਰਾਜ ਦੇ ਮਹੱਤਵਪੂਰਨ ਕਾਲਜਾਂ ‘ਤੇ ਵਿਸ਼ਵਵਿਦਿਆਲਿਆਂ ਅਤੇ ਹਿਮਾਚਲ ਪ੍ਰਦੇਸ਼ ਖੇਤਰੀ ਵਿਸ਼ਵਵਿਦਿਆਲਾ ਧਰਮਸ਼ਾਲਾ ‘ਚ ਅਜਿਹੀ ਧੂੜ ਚਟਾਈ ਹੈ ਕਿ ਭਾਜਪਾ ਨੇਤਾ ਆਪਣੇ ਪ੍ਰਚਾਰ ‘ਤੇ ਪ੍ਰਸਾਰ ਵਾਸਤੇ ਕੇਵਲ ਸ਼ੋਸਲ ਨੈਟੱਵਰਕਿੰਗ ਸਾਈਟਾਂ ਦੇ ਮੁਹਤਾਜ ਹੋ ਕੇ ਰਹਿ ਗਏ ਹਨ । ਇਸ ਕਾਰਨ ਰਾਜਾ ਵੀਰਭੱਦਰ ਸਿੰਘ ਨੇ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਦੀਆਂ ਨਜਰਾਂ ‘ਚ ਤਕੜੀ ਪੈਂਠ ਬਣਾ ਲਈ ਹੈ । ਉਧਰ ਕੈਪਟਨ ਦੀ ਪੁੱਤਰੀ ਜੈਇੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਸ੍ਰ. ਗੁਰਪਾਲ ਸਿੰਘ ਨੂੰ ਸਿਆਸਤ ‘ਚ ਭੋਰਾ ਵੀ ਦਿਲਚਸਪੀ ਨਹੀਂ ਹੈ ਅਤੇ ਉਹ ਆਪਣੇ ਉਦਯੋਗਿਕ ਕਿੱਤੇ ਪ੍ਰਤੀ ਹੀ ਸੰਵੇਦਨਸ਼ੀਲ  ਹਨ। ਇਥੋਂ ਤੱਕ ਉਨ੍ਹਾਂ ਦਾ ਹੋਣਹਾਰ ਸਪੁੱਤਰ ਅੰਗਦ ਸਿੰਘ ਵੀ ਆਪਣੇ ਖੰਡ ਉਦਯੋਗ ਦਾ ਪ੍ਰੰਬੰਧਕੀ ਨਿਰਦੇਸ਼ਕ ਹੈ ਅਤੇ ਉਹ ਦਿੱਲੀ ਹੀ ਰਹਿੰਦੇ ਹਨ। ਪਰੰਤੂ  ਉਨ੍ਹਾ ਦਾ ਇੱਕ ਬੰਗਲਾ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਕਾਂਗੜਾ ਦੇ ਸਦਰ ਮੁਕਾਮ ਧਰਮਸ਼ਾਲਾ ‘ਚ ਵੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਦੋਹਤਾ ਅੰਗਦ ਅਤੇ ਵੀਰਭੱਦਰ ਸਿੰਘ ਦੀ ਸਪੁਤਰੀ ਅਪਰਾਜਿਤਾ ਸਨਾਵਰ ਸਕੂਲ ਤੋਂ ਹੀ ਇੱਕ ਦੂਜੇ ਨਾਲ ਕੇਵਲ ਇੱਕ ਸ਼ੇਣੀ ਦੇ ਫਰਕ ਨਾਲ ਪੜ੍ਹਦੇ ਰਹੇ ਹਨ । 26 ਸਾਲਾ ਅਪਰਾਜਿਤਾ ਦੇ ਕੈਂਬਰਿਜ ਯੂਨੀਵਰਸਿਟੀ ਤੋਂ ਐਮ.ਬੀ.ਏ. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਅੰਗਦ ਨਾਲ ਅਗਲੇ ਸਾਲ ਵਿਆਹ ਬੰਧਨ ‘ਚ ਬੱਝ ਜਾਵੇਗੀ । ਜੇਕਰ ਪਟਿਆਲਾ ਦੇ ਸ਼ਾਹੀ ਪਰਿਵਾਰ ਭਾਵ ਨਾਨਕਾ ਪਰਿਵਾਰ ਦੇ ਸੰਦਰਭ ਨੂੰ ਛੱਡਕੇ ਵੇਖਿਆ ਜਾਵੇ ਤਾਂ ‘ਅੰਗਦ’ ਦੇ ਪਰਿਵਾਰ ਦੀ ਸਿਆਸਤ ‘ਚ ਕੋਈ ਦਿਲਚਸਪੀ ਹੀ ਨਹੀਂ ਹੈ ਪਰੰਤੂ ਹੋਣ ਦੀ ਹੋਣ ਵਾਲੀ ਨੂੰਹ ਅਪਰਾਜਿਤਾ ਸਿਆਸਤ ‘ਚ ਪੂਰੀ ਤਰਾਂ ਸਰਗਰਮ ਹੈ ਅਤੇ ਲੋਕ ਸਭਾ ਹਲਕਾ ਮੰਡੀ ਦੇ ਉਪੱ ਚੋਣ ‘ਚ ਆਪਣੀ ਮਾਤਾ ਮਹਾਰਾਣੀ ਪ੍ਰਤਿਭਾ ਕੌਰ ਦੀ ਜਿੱਤ ਯਕੀਨੀ ਬਨਾਉਣ ਵਾਸਤੇ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਸੀ। ਪਰੰਤੂ ਪੰਜਾਬ ਅਤੇ ਹਿਮਾਚਲ ਦੇ ਦੋ ਸ਼ਾਹੀ ਪਰਿਵਾਰਾਂ ‘ਚ ਜੁੜੇ ਇਸ ਨਾਯਾਬ ਰਿਸ਼ਤੇ ਤੋਂ ਤੁਰੰਤ ਬਾਅਦ ਕੈਪਟਨ ਸਾਹਿਬ ਵੱਲੋਂ ਸੰਗਰੂਰ ਤੋਂ ਸ਼ੁਰੂ ਕੀਤੀ ਆਪਣੀ ਸਿਆਸੀ ਸਰਗਰਮੀ, ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਣਅਧਿਕਾਰਤ ਤੌਰ ‘ਤੇ ਪਾਰਟੀ ਉਮੀਦਵਾਰ ਐਲਾਨੇ ਜਾਣ ਦੇ ਵਿਰੋਧੀ ਬਿਆਨਾਂ ਤੋਂ ਬਾਅਦ ਚੰਡੀਗੜ੍ਹ ‘ਚ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕਾਂ ‘ਤੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਦਿੱਤਾ ਗਿਆ ਦੁਪੈਹਿਰ ਦਾ ਖਾਣਾ ਇਹ ਸੰਕੇਤ ਦਿੰਦਾ ਹੈ ਕਿ ਕੈਪਟਨ ਸਾਹਿਬ ਪੰਜਾਬ ‘ਚ ਆਪਣਾ ਪ੍ਰਭਾਵ ਬਨਾਉਣ ਲਈ ਸਰਗਰਮ ਹੋ ਗਏ ਹਨ। ਬੇਸ਼ੱਕ ਇਸ ਮੌਕੇ ਕੈਪਟਨ ਸਾਹਿਬ ਦਾ ਇਹ ਕਹਿਣਾ ਹੈ ਕਿ ਇਹ ਕੇਵਲ ਪਾਰਟੀ ਦੀ ਇੱਕਜੁਟਤਾ ਕਾਇਮ ਰੱਖਣ ਵਾਸਤੇ ਹੀ ਕੀਤਾ ਗਿਆ ਯਤਨ ਹੈ। ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਪਾਰਟੀ ਦੇ ਬਾਬਾ ਬੋਹੜ ਅਤੇ ਛੇਵੀਂ ਵੇਰ ਬਣੇ ਮੁੱਖ ਮੰਤਰੀ ਅਤੇ ਪਾਰਟੀ ਹਾਈ ਕਮਾਂਡ ‘ਚ ਆਪਣਾ ਪੂਰਾ ਪ੍ਰਭਾਵ ਬਣਾ ਚੁੱਕੇ ਰਾਜਾ ਵੀਰ ਭੱਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਨਾਲ ਬਣੀ ਰਿਸ਼ਤੇਦਾਰੀ ਕਿਧਰੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀਆਂ ਦਿਸ਼ਾਵਾਂ ਹੀ ਬਦਲ ਕੇ ਨਾ ਰੱਖ ਦੇਵੇ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਪ੍ਰੋ. ਪ੍ਰੇਮ ਕੁਮਾਰ ਧੂਮਲ ਵੱਲੋਂ ਸ਼ਿਮਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤਾ ਮਾਨਹਾਨੀ ਦਾ ਮੁਕੱਦਮਾ ਵਾਪਸ ਲੈ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਨੇ ਕੈਪਟਨ ਸਾਹਿਬ ਨੂੰ ਬਾਇਜਤ ਬਰੀ ਕਰ ਦਿੱਤਾ ਹੈ। ਗਵਾਂਢੀ ਰਾਜ ਹਿਮਾਚਲ ਪ੍ਰਦੇਸ਼ ‘ਚ ਕੈਪਟਨ ਦਾ ਵਧਦਾ ਪ੍ਰਭਾਵ ਪੰਜਾਬ ਦੀ ਸਿਆਸਤ ‘ਤੇ ਕੀ ਅਸਰ ਪਾਵੇਗਾ ਇਸਦਾ ਪਤਾ ਤਾਂ ਸਮੇਂ ਦੀ ਬਦਲਦੀ ਚਾਲ ਤੋਂ ਹੀ ਲੱਗੇਗਾ ਪਰੰਤੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਸਿਆਸਤ ‘ਚ ਇੱਕ ਦਮ ਵਿਖਾਈ ਗਈ ਸਰਗਰਮੀ ਵੀ ਇਸ ਗੱਲ ਦੀ ਸ਼ਾਹਦੀ ਭਰਦੀ ਜਾਪਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵੇਰ ਪੰਜਾਬ ਦੀ ਸਿਆਸਤ ਦੀਆਂ ਫਿਜਾਵਾਂ ਬਦਲਣ ਵਾਸਤੇ ਉਤਾਵਲੇ ਲੱਗਦੇ ਹਨ । ਸ੍ਰ ਬਾਜਵਾ ਨ ੇਪੰਜਾਬ ਰਾਜ ‘ਚ ਮਰਨ ਕਿਨਾਰੇ ਪਹੁੰਚ ਚੁੱਕੀ ਪੰਜਾਬ ਕਾਂਗਰਸ ‘ਚ ਇੱਕ ਨਵੀਂ ਰੂਹ ਫੂਕ ਕੇ ਰੱਖ ਦਿੱਤੀ ਹੈ ਅਤੇ ਅਕਾਲੀਆਂ ਦੀ ਹਨੇਰੀ ਅੱਗੇ ਹੌਂਸਲਾ ਢਾਅ ਚੁਕਿਆ ਇੱਕ ਆਮ ਕਾਂਗਰਸੀ ਵਰਕਰ ਵੀ ਆਪਣੇ ਹੌਂਸਲੇ ਬੁਲੰਦ ਸਮਝਣ ਲੱਗ ਪਿਆ ਹੈ ਅਤੇ ਅਕਾਲੀ ਨੇਤਾਵਾਂ ਵੱਲੋਂ  ਮਾਰੇ ਜਾਂਦੇ ਦਮਗਜਿਆਂ ‘ਚੋਂ ਸੱਚ ਟੋਹਣ ਦੀ ਹਿੰਮਤ ਜੁਟਾਉਣ ਜੋਗਾ ਹੋ ਗਿਆ ਹੈ । ਪਰੰਤੂ ਸਿਆਸਤ ਦੇ ਇਸ ਨਾਜਕ ਮੋੜ ‘ਤੇ ਪੰਜਾਬ ਦੇ ਦੋ ਸੀਨੀਅਰ ਸਿਆਸਤਦਾਨਾਂ ਵੱਲੋਂ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਦੀ ਥਾਂ ‘ਤੇ ਇੱਕ ਦੂਜੇ ਦੀ ਲੱਤ ਖਿੱਚੀ ਕੀਤੀ ਗਈ ਤਾਂ ਪੰਜਾਬ ਦੇ ਸਿਆਸੀ ਨਕਸ਼ੇ ‘ਤੇ ਕਾਂਗਰਸ ਪਾਰਟੀ ਦੀ ਹੋਂਦ ਕਾਇਮ ਰੱਖਣ ਦੀ ਕਿਸੇ ਵੀ ਨੇਤਾ ਦੀ ਕੋਸ਼ਿਸ਼ ਨੂੰ ਬੂਰ ਨਹੀਂ ਪਵੇਗਾ ਅਤੇ ਆਮ ਕਾਂਗਰਸੀ ਵਰਕਰ ਅਤੇ ਵੋਟਰ ਕਾਂਗਰਸ ਦੇ ਨੇਤਾਵਾਂ ਨੂੰ ਸੇਧ ਦੇਣ ਤੋਂ ਅਸਮਰੱਥ ਹੋਇਆ ਪਾਰਟੀ ਤੋਂ ਬਹੁਤ ਦੂਰ ਚਲਾ ਜਾਵੇਗਾ ਜਿਸ ਦਾ ਖਮਿਆਜਾ ਵੋਟਰ ਨਹੀਂ ਕੇਵਲ ‘ਤੇ ਕੇਵਲ ਨੇਤਾ ਹੀ ਭੁਗਤਣਗੇ ਕਿਉਂਕਿ ਕਹਾਵਤ ਹੈ ਕਿ ‘ਸਾਨੂੰ ਬਾਗ ਬਥੇਰੇ’।

Send this to a friend