June 20, 2026 12:13 am

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਰਜਨਾਂ ਪਿੰਡਾਂ ‘ਚ ਮੀਂਹ ਤੇ ਸੇਮ ਦੇ ਪਾਣੀ ਨੇ ਮਚਾਈ ਤਰਥੱਲੀ, ਲੋਕ ਘਰੋਂ ਬੇਘਰ

ਮਲੋਟ, 24 ਅਗਸਤ (ਹਰਦੀਪ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਜੰਡੂ) ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਖ਼ੇਤਰ ਦੇ ਪਿੰਡਾਂ ਵਿੱਚ ਸੇਮ ਤੇ ਬਾਰਸ਼ ਦੀ ਪਾਣੀ ਵੱਲੋਂ ਮਚਾਈ ਜਾ ਰਹੀ ਤਬਾਹੀ ਨੇ ਸੂਬਾ ਸਰਕਾਰ, ਜਿਲ੍ਹਾ ਪ੍ਰਸ਼ਾਸਨ, ਡਰੇਨਜ਼ ਵਿਭਾਗ ਸਮੇਤ ਵੱਖ ਵੱ ਵਿਭਾਗਾਂ ਦੀਆਂ ਹੜ੍ਹ ਰੋਕੂ,  ਰਾਹਤ ਤੇ ਵਿਕਾਸ ਕਾਰਜਾਂ ਦੀ ਪ੍ਰਕ੍ਰਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਮੀਂਹ ਦਾ ਪਾਣੀ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਲਈ ਮੁਸੀਬਤਾਂ ਦੇ ਪਹਾੜ ਲੈ ਕੇ ਆਇਆ ਹੈ।
maloutraindays
ਕਿਸਾਨਾਂ ਨੂੰ ਆਰਥਿਕ ਤੌਰ ਤੇ ਕੰਗਾਲ ਕਰਨ ਵਾਲੀ ਸੇਮ ਦੇ ਖਾਤਮੇ ਲਈ ਪੁੱਟੇ ਗਏ ਸੇਮ ਨਾਲੇ ਕਿਸਾਨਾਂ ਲਈ ਆਫਤ ਲੈ ਕੇ ਪੁੱਜੇ ਜਿਸ ਕਰਕੇ ਜ਼ਿਲ੍ਹੇ ਭਰ ਦੇ  ਦਰਜਨਾਂ ਪਿੰਡ ਪਾਣੀ ਕਾਰਨ ਹੋਈ ਤਬਾਹੀ ਦੇ ਸ਼ਿਕਾਰ ਹੋ ਗਏ। ਪਿੰਡ ਮਿੱਡਾ ਸਮੇਤ ਕਈ ਪਿੰਡਾਂ ਤੇ ਢਾਣੀਆਂ ਦੇ ਪਰਿਵਾਰ ਰਿਸ਼ਤੇਦਾਰੀਆਂ ਵਿੱਚ ਪਨਾਹ ਲੈਣ ਲਈ ਮਜ਼ਬੂਰ ਹੋ ਗਏ ਹਨ। ਪਿੰਡ ਮਿੱਡਾ ਦੀ ਲੱਗਭਗ ਸਮੁੱਚੀ ਅਬਾਦੀ ਹੀ ਰਿਸ਼ਤੇਦਾਰੀਆਂ ਜਾਂ ਸੁਰੱਖਿਅਤ ਥਾਵਾਂ ਤੇ ਚਲੀ ਗਈ ਹੈ। ਪਿੱਛੇ ਬਚਿਆ ਹੈ ਤਾਂ ਸਿਲਾਬਿਆ ਤੇ ਪਾਣੀ ਵਿੱਚ ਘਿਰਿਆ ਪਿੰਡ। ਪਿੰਡ ਦਾ ਰਾਣੀਵਾਲਾ ਤੇ ਮੋਹਲਾਂ ਨਾਲੋਂ ਵੀ ਆਵਾਜਾਈ ਸੰਪਰਕ ਟੁੱਟ ਗਿਆ ਹੈ। ਬਿਨ੍ਹਾ ਕਿਸੇ ਸਰਕਾਰੀ ਮਦਦ ਤੇ ਪਿਛਲੇ ਅੱਠ ਦਿਨ ਤੋਂ ਪਾਣੀ ਤੋਂ ਬਚਾਅ ਕਰਨ ਲਈ ਜੱਦੋ ਜਹਿਦ ਕਰ ਰਹੇ ਹਇਸ ਪਿੰਡ ਦੇ ਅਬਾਦੀ ਨੇ ਘਰਾਂ ਵਿੱਚੋਂ ਸਮਾਨ ਕੱਢਣਾ ਹੀ ਬਿਹਤਰ ਸਮਝਿਆ ਹੈ। ਜਿੰਨ੍ਹਾ ਦੀ ਮਦਦ ਤੇ ਆਏ ਬੀਤੇ ਕੱਲ ਡੇਰਾ ਸੱਚਾ ਸੌਦਾ ਸਿਰਸਾ ਦੇ ਸੈਂਕੜੇ ਪੈਰੋਕਾਰ ਵੀ ਦੇਰ ਸ਼ਾਮੀ ਪਾਣੀ ਦੇ ਹੱਲਿਆਂ ਅੱਗੇ  ਬੇਵੱਸ ਹੋਣ ਮਗਰੋਂ ਹੋਰ ਰਾਹਤ ਕਾਰਜਾਂ ਤੋਂ ਹੱਥ ਖੜੇ ਕਰ ਗਏ। ਉਹ ਸਾਰਾ ਵਕਤ ਮਿੱਟੀ ਦੇ ਗੱਟੇ ਭਰ ਕੇ ਪਿੰਡ ਦੇ ਚੁਫੇਰੇ ਬਣਾਏ ਬੰਨ੍ਹ ਤੇ ਰੱਖ ਕੇ ਪਾਣੀ ਦਾ ਦਾਖ਼ਲਾ ਰੋਕਣ ਦੀ ਕੋਸ਼ਿਸ ਕਰ ਰਹੇ ਸਨ। ਸਥਿਤੀ ਦਾ ਅਫ਼ਸੋਸਨਾਕ ਪੱਖ ਇਹ ਵੰਖ ਵੱਖ ਪ੍ਰਸਾਸ਼ਨਿਕ ਅਧਿਕਾਰੀ ਤੇ ਸਿਆਸੀ ਆਗੂ ਸਿਰਫ਼ ਸ਼ੜਕਾਂ ਜਾਂ ਸੇਮ ਨਾਲਿਆਂ ਦੇ ਕਿਨਾਰੇ ਬਣੇ ਪੁਲਾਂ ਹੇਠੋਂ ਲੰਘਦੇ ਪਾਣੀ ਵੱਲ ਇਸ਼ਾਰਾ ਕਰਕੇ ਉਨ੍ਰਾ ਦੀ ਮਦਦ ਕਰਨ ਦੇ ਫੋਕੇ ਦਿਲਾਸੇ ਦੇਣ ਤੱਕ ਹੀ ਸੀਮਿਤ ਰਹੇ। ਕਿਸੇ ਨੇ ਵੀ ਘਰੋਂ ਘਰੀਂ ਵਾਪਰ ਰਹੇ ਤਾਂਡਵ ਨੂੰ ਵੇਖਣ ਦੀ ਤਕਲੀਫ ਨਹੀ ਕੀਤੀ। ਜਦਕਿ ਇਸੇ ਸਮੇਂ ਅਣਗਿਣਤ ਲੋਕ ਪਿੰਡ ਦੇ ਚੁਫੇਰੇ ਜਾਂ ਘਰਾਂ ਵਿੱਚ ਵੀ ਜੇ.ਸੀ.ਬੀ. ਨਾਲ ਬੰਨ੍ਹ ਮਾਰਨ ਮਗਰੋਂ ਹੋਰ ਚੜ੍ਹ ਰਹੇ ਪਾਣੀ ਨੂੰ ਰੋਕਣ ਦੀ ਕੋਸ਼ਿਸ ਵਿੱਚ ਲੱਗੇ ਹੋਏ ਸਨ। ਜਿਸ ਵਿੱਚ ਸਫ਼ਲ ਨਾ ਹੋਣ ਮਗਰੋਂ ਉਨ੍ਰਾ ਮਦਦ ਤੇ ਆਏ ਲੋਕਾਂ ਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਟਰਾਲੀਆਂ ਵਿੱਚ ਘਰੇਲੂ ਸਮਾਨ ਭਰ ਕੇ ਪਸ਼ੂ ਡੰਗਰ ਲੱਦ ਕੇ ਸੁਰੱਖਿਅਤ ਸਥਾਨ ਤੇ ਜਾਣਾ ਹੀ ਬਿਹਤਰ ਸਮਝਿਆ। ਕਈ ਮਜ਼ਬੂਰ ਤੇ ਬੇਵੱਸ ਲੋਕਾਂ ਨੇ ਖੁੱਲੇ ਅਸਮਾਨ ਥੱਲੇ ਹੀ ਡੇਰੇ ਜਮਾ ਲਏ ਹਨ। ਕਿਸਾਨ ਬਲਵੀਰ ਸਿੰਘ, ਮਹਿਲ ਸਿੰਘ, ਦਵਿੰਦਰ ਸਿੰਘ, ਬੋਹੜ ਸਿੰਘ, ਹੀਰਾ ਸਿੰਘ, ਹਰਦਿਆਲ ਸਿੰਘ, ਕੁਲਦੀਪ ਸਿੰਘ, ਨਿੰਦਰ ਸਿੰਘ, ਸਾਹਿਬ ਸਿੰਘ, ਹਰਪਾਲ ਸਿੰਘ, ਟਹਿਲ ਸਿੰਘ ਪੰਚ, ਬਲਵੰਤ ਸਿੰਘ, ਸੁਬੇਗ ਸਿੰਘ, ਜੁਮੇਜ਼ ਸਿੰਘ, ਅਵਤਾਰ ਸਿੰਘ, ਬਗੀਚਾ ਸਿੰਘ, ਬਾਗਾ ਸਿੰਘ ਫੌਜੀ, ਆਦਿ ਨੇ ਦੁਖੀ ਮਨ ਨਾਲ ਦੱਸਿਆ ਕਿ ਪਿੰਡ ਦੇ ਕੁੱਲ 3600 ਏਕੜ ਰਕਬੇ ਵਿੰਚੋਂ ਸਿਰਫ਼ 300 ਏਕੜ ਹੀ ਬਚਿਆ ਹੈ। ਉਨ੍ਰਾ ਦੱਸਿਆ ਕਿ ਸਰਕਾਰ ਵੱਲੋਂ ਕੱਲ ਇਮਦਾਦ ਦੇ ਤੌਰ ਤੇ 100 ਕੁ ਗੱਟਾ ਫੀਡ ਤੇ ਜਿਆਦਾ ਸਮਾਂ ਪਾਣੀ ਵਿੱਚ ਰਹਿਣ ਕਰਕੇ ਚਮੜੀ ਤੇ ਪਈ ਖਾਰਸ਼ ਦੂਰ ਕਰਨ ਲਈ 4-4 ਗੋਲੀਆਂ ਹੀ ਮਿਲੀਆਂ। ਪਿੰਡ ਦੇ ਲੋਕਾਂ ਨੇ ਫ਼ਸਲਾਂ ਤੇ ਘਰਾਂ ਦੀ ਬਦਹਾਲੀ ਲਈ ਸਰਕਾਰ ਸਮੇਤ ਵੰਖ ਵੱਖ ਮਹਿਕਮਿਆਂ ਨੂੰ ਜਿੰਮੇਵਾਰ ਠਹਿਰਾਇਆਹੈ। ਜਿੰਨ੍ਰਾ ਦੀ ਨਲਾਇਕੀ ਤੇ ਸੇਮ ਨਾਲਿਆਂ ਦੀ ਗਲਤ ਵਿਉਂਤਬੰਦੀ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਹੈ। ਉਨ੍ਹਾ ਦੱਸਿਆ ਕਿ ਪਿੱਛਿਓਂ ਪਿੰਡ ਭੂੰਦੜ, ਕੁਰਾਈਵਾਲਾ, ਸੋਥਾ, ਘੁਮਿਆਰ, ਖੁੰਨਣ, ਦੁਹੇਵਾਲਾ ਆਦਿ ਪਿੰਡਾਂ ਵੱਲੋਂ ਆਏ ਪਾਣੀ ਨੇ ਤਬਾਹੀ ਮਚਾਈ ਹੈ, ਇਹ ਵੀ ਕਿਹਾ ਕਿ ਅਜਿਹੀ ਹਾਲਤ ਵਿੱਚ ਵੀ ਪਿੰਡਾਂ ਦੇ ਰਸੁਖ਼ਜ਼ਦਾ ਲੋਕਾਂ ਨੇ ਜੁਗਾੜ ਲਾ ਕੇ ਆਪਣੇ ਖੇਤ ਤਾਂ ਵਿਹਲੇ ਕਰ ਲਏ ਪਰ ਉਥੋਂ ਨਿਕਲਿਆ ਪਾਣੀ ਦੂਜਿਆਂ ਲਈ ਸੰਤਾਪ ਬਣ ਗਿਆ ਹੈ। ਪਿੰਡ ਭੂੰਦੜ ਦੀ ਢਾਣੀ ਵਿੰਚੋਂ ਟਰੈਕਟਰ ਦੇ ਟਾਇਰ ਦੀਆਂ ਟਿਊਬਾਂ ਤੇ ਚਾਲੀਆਂ ਸਹਾਰੇ ਤਾਰ ਲਾਲ ਜੁਗਾੜ ਲਾ ਕੇ ਘਰ ਵਿੱਚ 5 ਤੋਂ 6 ਫੁੱਟ ਤੱਕ ਖੜੇ ਪਾਣੀ ਵਿੱਚੋਂ ਸਮਾਨ ਕੱਢ ਰਹੇ ਸੀ.ਆਰ.ਪੀ.ਐਫ. ਦੇ ਸਾਬਕਾ ਜਵਾਨ ਕਪੂਰ ਸਿੰਘ, ਪਟਵਾਰੀ ਧਰਮ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀਆਂ 40 ਢਾਣੀਆਂ ਦੇ ਪਰਿਵਾਰ ਪਾਸੇ ਚਲੇ ਗਏ ਹਨ। ਇੱਕੋਂ ਗੁਜ਼ਰਦੀ ਮਲੋਟ ਤੋਂ ਮੁਕਤਸਰ ਲਈ ਜਰਨੈਲੀ ਸੜਕ ਦੇ ਦੋਹੀਂ ਪਾਸੇ ਸੇਮ ਨਾਲਾ ਤਾਂ ਬਣਿਆ ਹੈ ਪਰ ਪਾਣੀ ਦੀ ਨਿਕਾਸੀ ਨਾ ਮਾਤਰ ਹੈ। ਜਿਸਤੇ ਪਹਿਲਾਂ ਵੱਡਾ ਪੁੱਲ ਬਣਾਉਣ ਲਈ ਇਲਾਕੇ ਦੇ ਸਿਰਕੱਢ ਆਗੂ ਦੇ ਮੁੰਡੇ ਨੂੰ ਠੇਕਾ ਦਿੱਤਾ ਗਿਆ, ਪਰ ਪਤਾ ਨਹੀ ਕਿਹੜੇ ਕਾਰਨਾ ਕਰਕੇ ਵੱਡੇ ਪੁੱਲ ਦੀ ਥਾਂ ਪਾਈਪਾਂ ਪਾ ਕੇ ਹੀ ਸਾਰ ਦਿੱਤਾ ਗਿਆ। ਜਿਸ ਕਰਕੇ ਉਨ੍ਹਾ ਨਾਲ ਹਰ ਤੀਜੇ ਚੌਥੇ ਸਾਲ ਅਜਿਹਾ ਹੀ ਵਾਪਰਦਾ ਹੈ। ਸਾਰੇ ਪਿੰਡਾਂ ਦੇ ਕਿਸਾਨਾਂ ਨੇ ਸਮੁੱਚੀ ਤਬਾਹੀ ਨੂੰ ਸਰਕਾਰ ਦੀ ਜਿੰਮੇਵਾਰੀ ਕਰਾਰ ਦਿੰਦਿਆਂ ਪ੍ਰਤੀ ਏਕੜ ਠੇਕੇ ਦੇ ਬਰਾਬਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Send this to a friend