June 20, 2026 12:12 am

ਦਿੱਲੀ ‘ਚ ਸਿੱਖਾਂ ‘ਤੇ ਹਮਲੇ ਹੋ ਰਹੇ ਸਨ ਤੇ ਸਿੱਖ ਲੀਡਰ ਤਿਰੰਗੇ ਲਹਿਰਾ ਕੇ ਜਸ਼ਨ ਮਨਾ ਰਹੇ ਸਨ : ਭਾਈ ਹਵਾਰਾ

ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ)-ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਪੇਸ਼ ਕੀਤਾ। ਕੇਸ ਦੇ ਫੌਜਦਾਰੀ ਕੋਰਟ ਵਿੱਚ ਬਦਲੀ ਹੋਣ ਕਰਕੇ ਅਤੇ ਮਾਣਯੋਗ ਜੱਜ ਦਯਾ ਪ੍ਰਕਾਸ਼ ਦੇ ਛੁੱਟੀ ‘ਤੇ ਹੋਣ ਕਰਕੇ ਭਾਈ ਹਵਾਰਾ ਅਤੇ ਭਾਈ ਸੁਰਿੰਦਰ ਸਿੰਘ ਨੂੰ ਅੱਜ ਮਾਣਯੋਗ ਜੱਜ ਆਈ.ਐੱਸ. ਮਹਿਤਾ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
hawara
ਪੇਸ਼ੀ ਉਪਰੰਤ ਭਾਈ ਹਵਾਰਾ ਨੇ ਕਿਹਾ ਕਿ ਦਿੱਲੀ ਦੇ ਤਿਲਕ ਵਿਹਾਰ ਵਿਚ ਦਿੱਲੀ ਪੁਲਿਸ ਦੀ ਸ਼ਹਿ ਨਾਲ ਗੁੰਡਿਆਂ ਵੱਲੋਂ ਸਿੱਖਾਂ ‘ਤੇ ਹੋਏ ਹਮਲੇ ਨੇ ਮੁੜ ਨੰਵਬਰ 1984 ਵਿਚ ਹੋਏ ਸਿੱਖਾਂ ਤੇ ਹਮਲੇਆਂ ਦੀ ਯਾਦ ਤਾਜਾ ਕਰਵਾ ਦਿੱਤੀ। ਇਨ੍ਹਾਂ ਹਮਲਿਆਂ ਤੋਂ ਇਹ ਸਪਸ਼ਟ ਹੋ ਗਿਆ ਕਿ ਸਿੱਖ ਹੁਣ ਕਿਤੇ ਵੀ ਸੁਰੱਖਿਅਤ ਨਹੀਂ ਹਨ। ਅਸੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਸਮੂਹ ਸਿੱਖਾਂ ਨੂੰ ਪੁਰਜੋਰ ਬੇਨਤੀ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀਆਂ ਇਨਕੁਆਰੀ ਜਾਂ ਕਿਸੇ ਤਰ੍ਹਾਂ ਦੇ ਕਮਿਸ਼ਨਾਂ ਤੋਂ ਜਾਂਚਾਂ ਦੀ ਆਸ ਛੱਡ ਕੇ ਆਪਸ ਵਿੱਚ ਰਲ ਮਿਲ ਕੇ ਆਪਣੀ ਸਰੱਖਿਆ ਗੁਰੂ ਆਸ਼ੇ ਅਨੁਸਾਰ ਕਰਨ ਕਿਉਂਕਿ ਤੁਹਾਨੂੰ ਸਿੱਖਾਂ ਨੂੰ ਕਿਸੇ ਤੋਂ ਇਨਸਾਫ ਨਹੀਂ ਮਿਲੇਗਾ। ਬੜੇ ਦੁੱਖ ਦੀ ਗਲ ਇਹ ਵੀ ਹੈ ਕਿ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿੱਚ 15 ਅਗਸਤ ਨੂੰ ਸਿੱਖਾਂ ‘ਤੇ ਹਮਲੇ ਕੀਤੇ ਜਾ ਰਹੇ ਸਨ ਤੇ ਸਾਡੇ ਅਖੌਤੀ ਲੀਡਰ ਤਿਰੰਗੇ ਝੰਡੇ ਲਹਿਰਾ ਕੇ ਅਖੌਤੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ। ਸਾਡੀ ਸਮੂਹ ਨਜ਼ਰਬੰਦ ਸਿੰਘਾਂ ਦੀ ਸਮੂਹ ਖਾਲਸਾ ਪੰਥ ਅਤੇ ਸਮੂਹ ਸਿੱਖ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਭਾਈ ਦਿਲਾਵਰ ਸਿੰਘ ਦੀ ਬਰਸੀ ‘ਤੇ 31 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਧ ਤੋਂ ਵੱਧ ਹਾਜ਼ਰੀਆਂ ਲਗਵਾ ਕੇ ਭਾਈ ਸਾਹਿਬ ਦੀ ਅਦੁਤੀ ਸ਼ਹਾਦਤ ਨੂੰ ਕੇਸਰੀ ਸਲਾਮ ਕਰਦੇ ਹੋਏ ਸ਼ਰਧਾਜਲੀ ਭੇਟ ਕੀਤੀ ਜਾਏ। ਅੱਜ ਕੋਰਟ ਵਿੱਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਚਰਨ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਭਾਈ ਮਨਪ੍ਰੀਤ ਸਿੰਘ ਵਿਚ ਹਾਜ਼ਰ ਹੋਏ ਸਨ। ਭਾਈ ਹਵਾਰਾ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਅਸਿਸਟੈਂਟ ਗੁਰਮੀਤ ਰੰਧਾਵਾ ਪੇਸ਼ ਹੋਏ ਸੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਅਗਸਤ ਨੂੰ ਹੋਵੇਗੀ।

Send this to a friend