ਬਰਨਾਲਾ, 24 ਅਗਸਤ (ਜਤਿੰਦਰ ਦਿਓਗਣ)-ਸ਼੍ਰੋਮਣੀ ਅਕਾਲੀ ਦਲ ਦਾ ਚੋਣ ਜੋ ਸਾਡੇ ਪਾਸ ਸੀ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦੀ ਆਸ ਲਾਈ ਸੀ, ਪਰ ਉਹਨਾਂ ਇਸ ਪਾਸੇ ਇਕ ਕਦਮ ਵੀ ਨਹੀਂ ਉਠਾਇਆ। ਇਹ ਪ੍ਰਗਟਾਵਾ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਉਹਨਾਂ ਨੇ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਾਉਣ ਲਈ ਨਾ ਕੇਵਲ ਕੋਈ ਯਤਨ ਕੀਤਾ, ਸਗੋਂ ਇਕ ਤਰ੍ਹਾਂ ਨਾਲ ‘ਨਵਾਂ ਚੰਡੀਗੜ੍ਹ’ ਉਸਾਰਨ ਦਾ ਪ੍ਰੋਗਰਾਮ ਬਣਾ ਕੇ, ਇਕ ਤਰ੍ਹਾਂ ਨਾਲ ਚੰਡੀਗੜ੍ਹ ਤੋਂ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰ ਦਿੱਤਾ ਹੈ।

ਇਕ ਸਵਾਲ ਦੇ ਉੱਤਰ ਵਿਚ ਉਹਨਾਂ ਕਿਹਾ ਕਿ ਨਵਾਂ ਸ਼ਹਿਰ ਉਸਾਰਨ ਦੀ ਥਾਂ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਜੇ ਨਵਾਂ ਸ਼ਹਿਰ ਬਣਾਉਣ ਦੀ ਲੋੜ ਹੈ ਤਾਂ ਉਹ ‘ਮੁਲਾਂਪੁਰ ਗਰੀਬ ਦਾਸ’ ਨਾਂ ਹੇਠ ਵੀ ਹੋ ਸਕਦਾ ਹੈ, ਚੰਡੀਗੜ੍ਹ ਹੀ ਕਿਉਂ? ਸ੍ਰੀ ਬਰਨਾਲਾ ਨੇ ਕਿਹਾ ਕਿ ਅਕਾਲੀ ਦਲ (ਲੌਂਗੋਵਾਲ) ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਏਗਾ ਅਤੇ 25 ਅਗਸਤ ਨੂੰ ਪਿੰਡ ਲੌਂਗੋਵਾਲ ਵਿਖੇ ਸੰਤ ਜੀ ਦੀ ਯਾਦ ਵਿਚ ਕੀਤੇ ਜਾ ਰਹੇ ਸਮਾਗਮ ਸਮੇਂ ਵਿਸ਼ੇਸ਼ ਪ੍ਰੋਗਰਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਐਤਵਾਰ ਦੇ ਸਮਾਗਮ ਲਈ ਲੋਕਾਂ ਵਿਚ ਬਹੁਤ ਉਤਸ਼ਾਹ ਹੈ ਅਤੇ ਬਾਦਲਕਿਆਂ ਦੇ ਸਰਕਾਰੀ ਸਮਾਗਮ ਨਾਲੋਂ ਵੱਧ ਇਕੱਠ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਚੰਡੀਗੜ੍ਹ 26 ਜਨਵਰੀ, 1986 ਨੂੰ ਪੰਜਾਬ ਨੂੰ ਸੌਂਪਿਆ ਜਾਣਾ ਸੀ। ਸਭ ਤਿਆਰੀਆਂ ਮੁਕੰਮਲ ਸਨ ਕਿ ਕੇਂਦਰ 25 ਜਨਵਰੀ ਦੀ ਅੱਧੀ ਰਾਤ ਨੂੰ ਵਾਅਦੇ ਤੋਂ ਮੁਕਰ ਗਿਆ। ਹੁਣ ਇਸ ਸਵਾਲ ਉੱਤੇ ਮੁਹਿੰਮ ਚਲਾਈ ਜਾਵੇਗੀ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਅੰਦਰ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਮੁੱਖ ਮੁੱਦਿਆਂ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਪੁੱਛੇ ਜਾਣ ਉੱਤੇ ਕਿ ਕੀ ਸਾਂਝੇ ਫਰੰਟ ਵਿਚ ਸ਼ਾਮਲ ਦੂਜੀਆਂ ਪਾਰਟੀਆਂ ਤੁਹਾਡੇ ਨਾਲ ਸਹਿਮਤ ਹਨ, ਬਾਰੇ ਸ੍ਰੀ ਬਰਨਾਲਾ ਨੇ ਕਿਹਾ ਕਿ ਉਹ ਵੀ ਸੰਤ ਜੀ ਦੇ ਵਿਚਾਰਾਂ ਅਤੇ ਉਹਨਾਂ ਵਲੋਂ ਐਮਰਜੈਂਸੀ ਵਿਰੁੱਧ ਕੀਤੇ ਸੰਘਰਸ਼ ਦਾ ਸਤਿਕਾਰ ਕਰਦੇ ਹਨ। ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਨਾ ਦੇਣ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦਾ ਵਤੀਰਾ ਠੀਕ ਨਹੀਂ ਹੈ। ਪੰਜਾਬੀ ਨੂੰ ਚੰਡੀਗੜ੍ਹ ਵਿਚ ਪਹਿਲੀ ਭਾਸ਼ਾ ਵਜੋਂ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਨਾਲ ਬੈਠੇ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਕਿਹਾ ਕਿ 25 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਪਰਫੂਲ ਚੰਦਰ ਮਹੰਤਾ, ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ, ਸੀ.ਪੀ.ਆਈ. ਆਗੂ ਏ.ਬੀ. ਬਰਧਨ, ਸੀ.ਪੀ.ਐਮ. ਦੇ ਸੀਤਾ ਰਾਮ ਜੈਚੁਰੀ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਪਹੁੰਚਣ ਦੀ ਪਰਵਾਨਗੀ ਆ ਗਈ ਹੈ। ਚੰਦਰ ਬਾਬੂ ਨਾਇਡੂ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਅਦ, ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ। ਸਾਂਝਾ ਮੋਰਚਾ ਦੀਆਂ ਪਾਰਟੀਆਂ ਦੇ ਪ੍ਰਮੁੱਖ ਸੂਬਾਈ ਆਗੂ ਵੀ ਸ਼ਾਮਲ ਹੋਣਗੇ।