June 20, 2026 7:23 am

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲਈ

ਅੰਮ੍ਰਿਤਸਰ (ਪਿਹੋਵਾ), 24 ਅਗਸਤ (ਜੋਗਿੰਦਰ ਜੌੜਾ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਰਘੂਜੀਤ ਸਿੰਘ ਵਿਰਕ ਅਤੇ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਹਰਿਆਣਾ ਦੇ ਪਿੰਡ ਕੁੱਪੀਆਂ ਪਲਾਟ (ਕਰਾਹ ਸਾਹਿਬ) ਪਿਹੋਵਾ ਵਿਖੇ 160 ਪੀੜ੍ਹਤ ਪਰਿਵਾਰਾਂ ਦੀ ਸਾਰ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪਰਿਵਾਰਾਂ ਨਾਲ ਚਟਾਨ ਵਾਂਗ ਖੜ੍ਹੀ ਹੈ ਤੇ ਇਹਨਾਂ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
kisan
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜ੍ਹਤ ਕਿਸਾਨਾਂ ਦੇ ਅਦਾਲਤੀ ਕੇਸਾਂ ਦੀ ਪੈਰਵਾਈ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਚੰਗੇ ਵਕੀਲ ਕਰਕੇ ਦਿੱਤੇ ਜਾਣਗੇ, ਜਿਨ੍ਹਾਂ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਸਹਿਣ ਕਰੇਗੀ। ਸ਼੍ਰੋਮਣੀ ਕਮੇਟੀ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਪੀੜ੍ਹਤ ਪਰਿਵਾਰਾਂ ਨੂੰ 21 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ ਤੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਗੁਰਸਿੱਖ ਅੰਮ੍ਰਿਤਧਾਰੀ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਮੁਤਾਬਕ ਉਹਨਾਂ ਨੂੰ ਸ਼੍ਰੋਮਣੀ ਕਮੇਟੀ ‘ਚ ਨੌਕਰੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ (ਹਰਿਆਣਾ) ਵੱਲੋਂ ਇਹਨਾਂ ਪਿੰਡਾਂ ਵਿੱਚ ਪਰਿਵਾਰਾਂ ਦੀ ਸਹੂਲਤ ਲਈ ਹਰ 10 ਦਿਨ  ਬਾਅਦ ਡਾਕਟਰੀ ਮੋਬਾਇਲ ਵੈਨ ਆਵੇਗੀ ਤੇ ਲੋੜ ਅਨੁਸਾਰ ਫਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਤਨ ਤੇ ਕੱਪੜੇ ਤੋਂ ਬਗੈਰ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਤਕਰੀਬਨ 60 ਸਾਲ ਪਹਿਲਾਂ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਤਾਪ ਸਿੰਘ ਕੈਰੋਂ ਵੱਲੋਂ ਇਨ੍ਹਾਂ ਬੰਜਰ ਜ਼ਮੀਨਾਂ ਨੂੰ ਉਪਜਾਊ ਬਨਾਉਣ ਲਈ ਕਿਰਤੀ ਕਿਸਾਨਾਂ ਨੂੰ ਇਥੇ ਵਸਾਇਆ ਸੀ। ਜਿਨ੍ਹਾਂ ਨੇ ਆਪਣੀ ਹੱਡ ਚੀਰਵੀਂ ਮਿਹਨਤ ਕਰਕੇ ਇਹ ਜ਼ਮੀਨਾਂ ਉਪਜਾਊ ਬਣਾਈਆਂ ਤੇ ਅੱਜ ਉਹਨਾਂ ਨੂੰ ਮਾਣ ਦੇਣ ਦੀ ਬਜਾਏ ਹਰਿਆਣਾ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ ਜੋ ਬੇਹੱਦ ਅਫ਼ਸੋਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਵਸਾਉਣਾ ਹੁੰਦਾ ਹੈ ਨਾ ਕਿ ਉਜਾੜਨਾ। ਉਨ੍ਹਾਂ ਕਿਹਾ ਕੇਵਲ ਦੋ ਫੀਸਦੀ ਸਿੱਖਾਂ ਨੇ ਦੇਸ਼ ਦੀ ਅਜਾਦੀ ਲਈ 90 ਪ੍ਰਤੀਸ਼ਤ ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਹਨ, ਅੱਜ ਉਸੇ ਕੌਮ ਦੇ ਕਿਰਤੀ ਕਿਸਾਨਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਦੇ ਪਟੇ ਅੱਗੋਂ ਨਾ ਵਧਾ ਕੇ ਉਜਾੜਿਆ ਜਾ ਰਿਹਾ ਹੈ। ਉੇਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਫ਼ਦ ਰੂਪ ‘ਚ ਬਹੁਤ ਜਲਦੀ ਹੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ ਜੇ ਲੋੜ ਪਈ ਤਾਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਉਜਾੜੇ ਨੂੰ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜ੍ਹਤ ਕਿਸਾਨ ਪਰਿਵਾਰਾਂ ਲਈ 75 ਕੁਇੰਟਲ ਕਣਕ, 15 ਕੁਇੰਟਲ ਦਾਲ, 150 ਕਿਲੋ ਹਲਦੀ, 150 ਕਿਲੋ ਤੇਲ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਘਰੇਲੂ ਸਮਾਨ ਅੱਜ ਲਿਆਂਦਾ ਗਿਆ ਹੈ ਤੇ ਜਿਨ੍ਹਾਂ ਚਿਰ ਤੱਕ ਇਹਨਾਂ ਪਰਿਵਾਰਾਂ ਨੂੰ ਲੋੜ ਹੋਈ ਇਹ ਸਮਾਨ ਇਹਨਾਂ ਪਰਿਵਾਰਾਂ ਤੀਕ ਪੁੱਜਦਾ ਰਹੇਗਾ। ਜਿਥੋਂ ਤੀਕ ਬਿਜਲੀ, ਪਾਣੀ ਦਾ ਸਬੰਧ ਹੈ ਹਰਿਆਣਾ ਸਰਕਾਰ ਦੇਵੇ ਜਾਂ ਨਾ ਦੇਵੇ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਘਰ ਵਿੱਚ ਹਨੇਰਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਪਿੰਡ ਦੀ ਲੋੜ ਅਨੁਸਾਰ ਦੋ ਵੱਡੇ 63 ਕੇ.ਵੀ. ਜਨਰੇਟਰ ਅਤੇ ਪਾਣੀ ਸਟੋਰ ਕਰਨ ਲਈ ਪੰਜ ਦੋ-ਦੋ ਹਜਾਰ ਲੀਟਰ ਵਾਲੀਆਂ ਟੈਕੀਆਂ ਉਪਲੱਭਦ ਕਰਵਾਈਆਂ ਗਈਆਂ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਦੀ ਟੀਮ ਨਾਲ ਪੁੱਜੇ ਦਿੱਲੀ  ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ  ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਵੀ ਪੀੜ੍ਹਤ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪੀੜ੍ਹਤ ਕਿਸਾਨਾਂ ਲਈ  15 ਲੱਖ ਰੁਪਏ ਦੀ ਸਹਾਇਤਾ ਦੇਵੇਗੀ ਤੇ ਇਹ ਸਹਾਇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੌਕਰੀ ਕਰਨਾ ਚਾਹੁਣ ਉਹਨਾਂ ਨੂੰ ਦਿੱਲੀ ਕਮੇਟੀ ਨੌਕਰੀ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਹਨਾਂ ਕਿਸਾਨਾਂ ਦੀ ਹਰ ਪ੍ਰਕਾਰ ਮਦਦ ਕਰੇਗੀ।ਇਸ ਤੋਂ ਪਹਿਲਾਂ ਪਿੰਡ ਬੌਧਨੀ, ਗੁਲਡੈਰਾਂ, ਨਿੰਮਵਾਲਾ, ਥੇਹ ਖਰਕ ਅਤੇ ਕੁੱਪੀਆਂ ਪਲਾਟ ਦੇ ਪੀੜ੍ਹਤ ਸ.ਭੋਲਾ ਸਿੰਘ, ਸ.ਮਕਤੂਲ ਸਿੰਘ, ਬੀਬਾ ਸੁਖਵਿੰਦਰ ਕੌਰ, ਬੀਬੀ ਪਾਲ ਕੌਰ, ਬੀਬੀ ਨਿੰਦਰ ਕੌਰ, ਬੀਬੀ ਜਸਬੀਰ ਕੌਰ, ਸ.ਦਲੇਰ ਸਿੰਘ ਅਰਨੌਲੀ, ਸ.ਹਰਬੰਸ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂਆਂ ਪਾਸ ਆਪਣੀ ਦਰਦ ਭਰੀ ਦਾਸਤਾਨ ਸੁਣਾਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ  ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ, ਸ.ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ  ਦਿੱਲੀ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਹਰਭਜਨ ਸਿੰਘ ਮਸਾਣਾ ਤੇ ਸ.ਸ਼ਰਨਜੀਤ ਸਿੰਘ ਸੋਥਾ ਮੈਬਰ ਸ਼੍ਰੋਮਣੀ ਕਮੇਟੀ, ਸ.ਧਨਵੰਤ ਸਿੰਘ ਮੈਂਬਰ ਦਿੱਲੀ ਕਮੇਟੀ, ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸੁਖਦੇਵ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ, ਸ.ਕਰਨੈਲ ਸਿੰਘ ਮੈਨੇਜਰ ਗੁਰਦੁਆਰਾ ਧਮਤਾਨ ਸਾਹਿਬ, ਸ.ਹਰਮਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਜੀਂਦ, ਸ.ਨਿਰਜੀਤ ਸਿੰਘ ਇੰਚਾਰਜ ਸਬ-ਆਫਿਸ ਕੁਰੂਕਸ਼ੇਤਰ, ਸ.ਅਜੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਪਿੰਡ ਕੁੱਪੀਆਂ ਪਲਾਟ ਵਿਖੇ ਵਫ਼ਦ ਰੂਪ ‘ਚ ਪਹੁੰਚ ਕੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।ਇਸ ਮੌਕੇ ਸ.ਸੁਖਵੀਰ ਸਿੰਘ ਮਾਂਡੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਪ੍ਰਿਥੀਪਾਲ ਸਿੰਘ ਝੱਬਰ ਸੀਨੀਅਰ ਅਕਾਲੀ ਆਗੂ ਹਰਿਆਣਾ, ਸ.ਹਰਪਾਲ ਸਿੰਘ ਚੀਕਾ, ਸ.ਤਜਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਜਰਨੈਲ ਸਿੰਘ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਜਸਵੰਤ ਸਿੰਘ ਦੁਨੀਆਂ ਮਾਜਰਾ ਤੋਂ ਇਲਾਵਾ ਵੱਡੀ ਗਿੱਣਤੀ ‘ਚ ਪੀੜ੍ਹਤ ਪਰਿਵਾਰ ਮੌਜੂਦ ਸਨ।

Send this to a friend