ਵਾਸ਼ਿੰਗਟਨ ਡੀ. ਸੀ., 20 ਮਾਰਚ (ਡਾ. ਗਿੱਲ)– ਭਾਰਤੀ ਕਮਿਊਨਿਟੀ ਮੈਟਰੋਪੁਲਿਟਨ ਡੀ. ਸੀ. ਸਥਿਤ ਤੇ ਵੱਖ-ਵੱਖ ਭਾਰਤੀ ਜਥੇਬੰਦੀਆਂ, ਰਾਜਨੀਤਕ ਲੀਡਰਾਂ ਅਤੇ ਗੁਰੂਘਰਾਂ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਨਫਰਤ ਅਤੇ ਅਪਰਾਧ ਨੂੰ ਠੱਲ੍ਹ ਪਾਉਣ ਲਈ ਇੱਕ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਸ਼ਾਂਤੀ ਮਾਰਚ ਵਾਈਟ ਹਾਊਸ ਦੇ ਸਾਹਮਣੇ ਸਥਿਤ ਲੈਫਿਅਟ ਪਾਰਕ ਵਿੱਚ ਕੱਢਿਆ ਗਿਆ। ਜਿੱਥੇ ਵੱਖ-ਵੱਖ ਲੀਡਰਾਂ ਵਲੋਂ ਨਫਰਤ ਅਤੇ ਅਪਰਾਧ ਸਬੰਧੀ ਉਠਾਏ ਬੈਨਰਾਂ ਅਤੇ ਅਦਰਸ਼ਵਾਨ ਰੁਚੀ ਤਖਤੀਆਂ ਰਾਹੀਂ ਅਮਰੀਕਨਾ ਅਤੇ ਵਾਈਟ ਹਾਊਸ ਦੇ ਕਾਂਗਰਸਮੈਨ ਤੇ ਸੈਨੇਟਰਾਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰਤੀ ਸ਼ਾਂਤੀ ਪਸੰਦ ਮਿਹਨਤੀ ਮਜ਼ਾਜ਼ ਵਾਲੀ ਸਖਸ਼ੀਅਤ ਦੇ ਮਾਲਕ ਹਨ। ਮਨੁੱਖਤਾ ਕੀਮਤੀ ਹੀਰਾ ਹੈ ਇਸ ਲਈ ਨਫਰਤ ਦੀ ਕਿਤੇ ਗੁੰਜਾਇਸ਼ ਨਹੀਂ ਹੈ।ਹਾਲ ਦੀ ਘੜੀ ਨੌਜਵਾਨਾਂ ਭਾਰਤੀ ਇੰਜੀਨੀਅਰ ਨੂੰ ਅਮਰੀਕਾ ਦੀ ਕੈਨਸਿਸ ਸ਼ਹਿਰ ਵਿਖੇ ਗੋਲੀ ਮਾਰ ਕੇ ਮਾਰਿਆ ਗਿਆ। ਫਲੋਰਿਡਾ ਵਿਖੇ ਘਰ ਦੇ ਸਾਹਮਣੇ ਇਸ ਵਿਅਕਤੀ ਨੂੰ ਗੋਲੀ ਮਾਰੀ ਗਈ। ਸਿਆਟਲ ਵਿਖੇ ਇੱਕ ਭਾਰਤੀ ਨੂੰ ਘਰ ਦੇ ਬਾਹਰ ਜ਼ਖਮੀ ਕੀਤਾ ਗਿਆ।ਭਾਰਤੀ ਕਮਿਊਨਿਟੀ ਨੇ ਮਹਿਸੂਸ ਕੀਤਾ ਕਿ ਇਹ ਵਾਰਦਾਤਾਂ ਨਫਰਤ ਅਤੇ ਅਪਰਾਧਕ ਹਨ।ਉਨ੍ਹਾਂ ਵਲੋਂ ਇਕੱਠੇ ਹੋ ਕੇ ਇਸ ਦੇ ਖਿਲਾਫ ਅਵਾਜ ਉਠਾਈ ਹੈ।ਜਿਸ ਦੇ ਸਿੱਟੇ ਇਸ ਸ਼ਾਂਤੀ ਮਾਰਚ ਰਾਹੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਸ ਦੇ ਪ੍ਰਸ਼ਾਸਨ ਨੂੰ ਯਾਦ ਦਿਵਾਇਆ ਕਿ ਭਾਰਤੀ ਸ਼ਾਂਤੀ ਦੇ ਪੁਜਾਰੀ ਅਤੇ ਮਿਹਨਤ ਦੇ ਮੁਥਾਜੀ ਅਮਰੀਕਾ ਨੂੰ ਉੱਤਮ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀ ਕੌਮ ਹੈ, ਇਨਾ ਨਾਲ ਹੋਣ ਵਾਲੀਆ ਵਾਰਦਾਤਾਂ ਜੋ ਨਫ਼ਰਤ ਤੋਂ ਪਰੇਰਤ ਹਨ ਇਨਾ ਨੂੰ ਠੱਲ੍ਹ ਪਾਈ ਜਾਵੇ। ਡਾ. ਅਡੱਪਾ ਪ੍ਰਸਾਦ, ਕੰਵਲਜੀਤ ਸਿੰਘ ਸੋਨੀ, ਬਖਸ਼ੀਸ਼ ਸਿੰਘ, ਚਤਰ ਸਿੰਘ, ਅਮਰ ਸਿੰਘ ਮੱਲੀ, ਗੁਰਚਰਨ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਲਕਸ਼ਮਨ ਨਰਾਇਣ, ਅਨਾਦੀ ਨਾਇਕ, ਸਰਬਜੀਤ ਸਿੰਘ ਬਖਸ਼ੀ, ਸਤੀਸ਼ ਕੋਰਬੇ,ਤੋਂ ਇਲਾਵਾ ਓਵਰਸੀਜ ਭਾਰਤੀ ਜਨਤਾ ਪਾਰਟੀ, ਸਿੱਖਸ ਆਫ ਅਮਰੀਕਾ, ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ, ਤੈਲਗੂ ਅਤੇ ਅਸਾਮੀ ਸੰਸਥਾਵਾਂ ਵਲੋਂ ਇਸ ਸ਼ਾਂਤੀ ਮਾਰਚ ਨੂੰ ਪ੍ਰਭਾਵਸ਼ਾਲੀ ਬਣਾਇਆ ਜਿਨ੍ਹਾਂ ਦੀ ਬੁਲੰਦ ਅਵਾਜ਼ ਨੇ ਭਾਰਤੀਆਂ ਦੀ ਅਵਾਜ਼ ਨੂੰ ਵਾਈਟ ਹਾਊਸ ਤੱਕ ਪਹੁੰਚਾਇਆ ਤਾਂ ਜੋ ਅਜਿਹੀਆਂ ਅਪਰਾਧਕ ਅਤੇ ਨਫਰਤ ਵਾਲੀਆਂ ਘਟਨਾਵਾਂ ਨੂੰ ਖਤਮ ਕੀਤਾ ਜਾ ਸਕੇ।ਜ਼ਿਕਰਯੋਗ ਹੈ ਕਿ ਇਹ ਤੁਛ ਜਿਹਾ ਉਪਰਾਲਾ ਕਾਫੀ ਸਫਲ ਰਿਹਾ ਅਤੇ ਕਮਿਊਨਿਟੀ ਦੀਆਂ ਆਸਾਂ ਤੇ ਖਰਾ ਉਤਰਿਆ। ਜਿਸ ਕਾਰਜ ਸਬੰਧੀ ਇਹ ਸ਼ਾਂਤੀ ਮਾਰਚ ਕੀਤਾ ਗਿਆ, ਉਸ ਸਬੰਧੀ ਵਾਈਟ ਹਾਊਸ ਤੱਕ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਰਿਹਾ।
ਨਫਰਤ ਤੇ ਅਪਰਾਧ ਨੂੰ ਨੱਥ ਪਾਉਣ ਲਈ ਵਾਈਟ ਹਾਊਸ ਸਾਹਮਣੇ ਸ਼ਾਂਤੀ ਮਾਰਚ ਕੀਤਾ


