ਫ਼ਿਰੋਜ਼ਪੁਰ, 20 ਮਾਰਚ (ਇੰਦਰਜੀਤ ਸਿੰਘ ਸੋਢੀ)- ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜ੍ਹਾ 23 ਮਾਰਚ ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਬੜ੍ਹੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾਂ ਦੇ ਨਾਲ ਮਨਾਉਣ ਦੇ ਲਈ ਸਾਰੇ ਲੋੜੀਂਦੇ ਪ੍ਰਬੰਧ 21 ਮਾਰਚ ਤੱਕ ਮੁਕੰਮਲ ਕੀਤੇ ਜਾਣਗੇ। ਇਹ ਜਾਣਕਾਰੀ ਮੈਡਮ ਸ਼ਰੂਤੀ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਰਾਜ ਪੱਧਰ ਦੇ ਸ਼ਹੀਦੀ ਸਮਾਗਮ ਨੂੰ ਮਨਾਉਣ ਦੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕਰਨ ਮੌਕੇ ਦਿੱਤੀ। ਇਸ ਮੌਕੇ ਸ.ਰਣਜੀਤ ਸਿੰਘ ਸਹਾਇਕ ਕਮਿਸ਼ਨਰ, ਸ.ਹਰਿੰਦਰ ਸਿੰਘ ਡੀ.ਐਸ.ਪੀ, ਸ.ਅਮਰੀਕ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਵਧੀਕ ਡਿਪਟੀ ਕਮਿਸ਼ਨਰ ਮੈਡਮ ਸ਼ਰੂਤੀ ਸ਼ਰਮਾ ਨੇ ਦੱਸਿਆ ਕਿ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਜ ਪੱਧਰ ਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ 23 ਮਾਰਚ ਦੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਆਪਣੇ ਵਿਭਾਗਾਂ ਨਾਲ ਸਬੰਧਿਤ ਕੰਮਾਂ ਨੂੰ ਹਰ ਹਾਲਤ ਵਿਚ 21 ਮਾਰਚ ਤੱਕ ਪੂਰਾ ਕਰ ਲਿਆ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ 23 ਮਾਰਚ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਮੈਡਮ ਸ਼ਰੂਤੀ ਨੇ ਦੱਸਿਆ ਕਿ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਆਉਣ ਅਤੇ ਜਾਣ ਲਈ 23 ਮਾਰਚ ਨੂੰ ਸਵੇਰੇ 7-30 ਵਜ਼ੇ ਤੋਂ ਸ਼ਾਮ ਦੇ 7 ਵਜ਼ੇ ਤੱਕ ਵਿਸੇਸ਼ ਰੇਲ ਗੱਡੀ ਚਲਾਈ ਜਾਵੇਗੀ। ਦਰਿਆ ਸਤਲੁਜ ਦੇ ਪੁਲ ਨਜ਼ਦੀਕ ਅਤੇ ਸ਼ਹੀਦੀ ਸਮਾਰਕ ਨਜ਼ਦੀਕ ਲੋਕਾਂ ਦੀ ਸਹੂਲਤ ਲਈ ਦੋ ਕੰਟਰੋਲ ਰੂਮ ਵੀ ਬਣਾਏ ਜਾਣਗੇ। ਇਸ ਮੀਟਿੰਗ ਵਿਚ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰ.ਬੀਰ ਪ੍ਰਤਾਪ ਸਿੰਘ ਡੇਅਰੀ ਵਿਭਾਗ, ਡਿਪਟੀ ਕਮਾਡੈਂਟ ਬੀ.ਐਸ.ਐਫ ਸ੍ਰੀ ਬਿਕਰਮ ਸਿੰਘ, ਡਾ.ਰਜਿੰਦਰ ਮਨਚੰਦਾ ਜ਼ਿਲ੍ਹਾ ਸਿਹਤ ਅਫ਼ਸਰ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਏਡੀਸੀ ਵੱਲੋਂ ਰਾਜ ਪੱਧਰੀ ਸਮਾਗਮ ਤਿਆਰੀ ਦਾ ਜਾਇਜ਼ਾ



