ਭਦੌੜ, 20 ਮਾਰਚ (ਯੋਗੇਸ਼ ਸ਼ਰਮਾ)- ਅੱਜ ਸਥਾਨਕ ਕੰਨਿਆ ਸਕੂਲ ਰੋਡ ’ਤੇ ਹੁੱਲੜਬਾਜ਼ ਮੋਟਰਸਾਇਕਲ ਭੂੰਡ ਆਸ਼ਕਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ ਨਿੱਡਰ ਅਤੇ ਬੇਖੌਫ਼ ਹੋ ਕੇ ਘੁੰਮਣ ਵਾਲੇ ਮਨਚਲੇ ਆਸ਼ਕਾਂ ਦੀ ਚੰਗੀ ਖ਼ਬਰ ਲਈ।ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਲੱਗਣ ਅਤੇ ਬੰਦ ਹੋਣ ਦੇ ਸਮੇਂ ਮਨਚਲੇ ਆਸ਼ਕਾਂ ਵੱਲੋਂ ਕੰਨਿਆ ਸਕੂਲ ਰੋਡ ਉਪਰ ਮੋਟਰਸਾਇਕਲਾਂ ’ਤੇ ਗੇੜੇ ਮਾਰਨ ਦਾ ਦੌਰ ਸ਼ੁਰੂ ਹੋ ਜਾਂਦਾ ਸੀ, ਜਿਸ ਤੋਂ ਲੜਕੀਆਂ, ਉਨ੍ਹਾਂ ਦੇ ਮਾਪੇ ਅਤੇ ਇਸ ਰੋਡ ਦੇ ਦੁਕਾਨਦਾਰ ਬਹੁਤ ਪਰੇਸ਼ਾਨ ਸਨ।ਭਦੌੜ ਦੇ ਕੁੱਝ ਸਮਾਜਸੇਵੀ ਲੋਕਾਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਥਾਣਾ ਭਦੌੜ ਦੇ ਧਿਆਨ ਵਿੱਚ ਇਹ ਮਾਮਲਾ ਵਾਰ-ਵਾਰ ਲਿਆ ਕੇ ਇਨ੍ਹਾਂ ਬੇਖੌਫ਼ ਘੁੰਮਣ ਵਾਲੇ ਮਨਚਲੇ ਆਸ਼ਕਾਂ ’ਤੇ ਲਗਾਮ ਲਗਾਉਣ ਦੀ ਮੰਗ ਕੀਤੀ ਗਈ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਅੱਜ ਥਾਣਾ ਭਦੌੜ ਵੱਲੋਂ ਕੰਨਿਆ ਸਕੂਲ ਕੋਲ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ।ਸਕੂਲ ਪ੍ਰਸ਼ਾਸ਼ਨ ਵੱਲੋਂ ਵੀ ਪਿਛਲੇ ¦ਬੇ ਸਮੇਂ ਤੋਂ ਅਧਿਆਪਕਾਂ ਦੀ ਗੇਟ ਉਪਰ ਡਿਊਟੀ ਲਗਾਈ ਜਾਂਦੀ ਹੈ ਤਾਂ ਜੋ ਲੜਕੀਆਂ ਨੂੰ ਪਰੇਸ਼ਾਨ ਕਰਨ ਵਾਲੇ ਭੂੰਡ ਆਸ਼ਕਾਂ ਨੂੰ ਠੱਲ ਪਾਈ ਜਾ ਸਕੇ। ਪੁਲਿਸ ਦੀ ਕਾਰਵਾਈ ਤੋਂ ਖੁਸ਼ ਇਸ ਰੋਡ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭੂੰਡ ਆਸ਼ਕਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਰੋਡ ਉਪਰ ਆਤੰਕ ਮਚਾ ਰੱਖਿਆ ਸੀ ਡਿਊਟੀ ’ਤੇ ਤੈਨਾਤ ਏ.ਐਸ.ਆਈ. ਅਨਾਇਤ ਖਾਂ, ਕਾਂਸਟੇਬਲ ਦਲਜੀਤ ਸਿੰਘ ਅਤੇ ਕਾਂਸਟੇਬਲ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਕੁੱਝ ਹੁੱਲੜਬਾਜ਼ਾਂ ਵੱਲੋਂ ਆਪਣੇ ਮੋਟਰਸਾਇਕਲਾਂ ਤੇ ਹੂਟਰ, ਪਟਾਕੇ ਜਾਂ ਮਨਾਹੀ ਵਾਲੇ ਹਾਰਨ ਵਜਾ ਕੇ ਜਿਥੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਓਥੇ ਹੀ ਅਹਿਜੇ ਲੋਕਾਂ ਵੱਲੋਂ ਆਉਂਦੀਆਂ ਜਾਂਦੀਆਂ ਲੜਕੀਆਂ ਨਾਲ ਛੇੜ-ਛਾੜ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ‘ਤੇ ਨੱਥ ਪਾਉਣ ਲਈ ਕਿਸੇ ਵੀ ਹੁੱਲੜਬਾਜ਼ ਮੋਟਰਸਾਇਕਲ ਭੂੰਡ ਆਸ਼ਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਨੰਬਰ ਦੇ ਵਹੀਕਲ ਮਾਲਕਾਂ, ਮੋਟਰਸਾਇਕਲਾਂ ਤੇ ਹੂਟਰ, ਪਟਾਕੇ ਜਾਂ ਮਨਾਹੀ ਵਾਲੇ ਹਾਰਨ ਵਜਾਉਣ ਵਾਲਿਆਂ ਨਾਲ ਸਖਤੀ ਕਰਕੇ ਸ਼ਹਿਰ ਦੇ ਲੋਕਾਂ ਨੂੰ ਵਧੀਆ ਆਵਾਜਾਈ ਪ੍ਰਦਾਨ ਕੀਤੀ ਜਾ ਸਕੇ।
ਭਦੌੜ ਪੁਲਿਸ ਨੇ ਹੁੱਲੜਬਾਜ਼ ਮੋਟਰਸਾਇਕਲ ਭੂੰਡ ਆਸ਼ਕਾਂ ’ਤੇ ਕਸਿਆ ਸ਼ਿਕੰਜਾ



