ਡੇਲਵੇਅਰ— ਅਮਰੀਕੀ ਸੂਬੇ ਡੇਲਵੇਅਰ ਨੇ ਸਟੇਟ ਅਸੈਂਬਲੀ ਵਿਚ ਮਤਾ ਪਾਸ ਕਰਕੇ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਐਲਾਨ ਦਿੱਤਾ। ਇਸ ਐਲਾਨ ਤੋਂ ਬਾਅਦ ਅਮਰੀਕਾ ਵਿਚ ਵੱਸਦੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦੋਂ ਅਮਰੀਕਾ ਵਿਚ ਸਿੱਖ ਲਗਾਤਾਰ ਨਸਲੀ ਹਿੰਸਾ ਦੇ ਸ਼ਿਕਾਰ ਹੋ ਰਹੇ ਹਨ। ਇਸ ਮਤੇ ਨੂੰ ਸਟੇਟ ਅਸੈਂਬਲੀ ਦੇ ਦੋਹਾਂ ਚੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮਤੇ ਵਿਚ ਕਿਹਾ ਗਿਆ ਕਿ ਡੇਲਵੇਅਰ ਦੇ ਹਰ ਪੱਖੋਂ ਵਿਕਾਸ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਦਾ ਅਹਿਮ ਯੋਗਦਾਨ ਹੈ। ਇਸ ਲਈ ਵੱਖ-ਵੱਖ ਭਾਈਚਾਰਿਆਂ ਨਾਲ ਸਜੇ ਅਮਰੀਕਾ ਦਾ ਫਰਜ਼ ਬਣਦਾ ਹੈ ਕਿ ਸਿੱਖਾਂ ਲਈ ਖਾਸ ਮਹੱਤਵ ਰੱਖਦੇ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਐਲਾਨਿਆ ਜਾਵੇ। ਡੇਲਵੇਅਰ ਸਰਕਾਰ ਦੇ ਇਸ ਕਦਮ ਦੀ ਸਥਾਨਕ ਹਲਕਿਆਂ ਅਤੇ ਸਿੱਖਾਂ ਵਿਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।
ਸੂਬੇ ਦੇ ਗਵਰਨਰ ਜੌਹਨ ਕਾਰਨੇ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਅਤੇ ਅਮਰੀਕਾ ਵਿਚ ਉਨ੍ਹਾਂ ਵਿਚ ਡਰ ਅਤੇ ਸਹਿਮ ਵਾਲੀ ਸਥਿਤੀ ਪੂਰੇ ਦੇਸ਼ ਲਈ ਨਮੋਸ਼ੀ ਵਾਲੀ ਗੱਲ ਹੈ। ਸਥਾਨਕ ਕਾਰੋਬਾਰੀ ਅਤੇ ਸਿੱਖ ਭਾਈਚਾਰੇ ਦੇ ਆਗੂ ਚਰਨਜੀਤ ਸਿੰਘ ਮਿਨਹਾਸ ਨੇ ਕਿਹਾ ਕਿ ਅਮਰੀਕਾ ਦੇ ਬਾਕੀ ਸੂਬਿਆਂ ਨੂੰ ਵੀ ਡੇਲਵੇਅਰ ਸੂਬੇ ਤੋਂ ਸੇਧ ਲੈਣੀ ਚਾਹੀਦੀ ਹੈ।
ਅਮਰੀਕਾ ‘ਚ ਸਿੱਖਾਂ ਨੂੰ ਸਮਰਪਿਤ ਹੋਵੇਗਾ ਅਪ੍ਰੈਲ ਮਹੀਨਾ


