ਨਿਊਯਾਰਕ — ਅਮਰੀਕਾ ਦੇ ਰਾਸ਼ਟਰਪਤੀ ਭਵਨ ‘ਵ੍ਹਾਈਟ ਹਾਊਸ’ ਵਲ ਜਾ ਰਹੀ ਇਕ ਕਾਰ ਦੇ ਡਰਾਈਵਰ ਵਲੋਂ ਗੱਡੀ ‘ਚ ਬੰਬ ਹੋਣ ਦੀ ਸੂਚਨਾ ‘ਤੇ ਸੁਰੱਖਿਆ ਅਧਿਕਾਰੀ ਅਲਰਟ ਹੋ ਗਏ ਹਨ ਅਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਗਏ ਹਨ। ਕਾਰ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਸੀ. ਐੱਨ. ਐੱਨ. ਦੀ ਖਬਰ ਅਨੁਸਾਰ ਉਸ ਗੱਡੀ ‘ਚ ਕੋਈ ਵੀ ਬੰਬ ਜਾਂ ਫਿਰ ਡਿਵਾਈਸ ਨਹੀਂ ਪਾਇਆ ਗਿਆ ਹੈ ਪਰ ਵ੍ਹਾਈਟ ਹਾਊਸ ਦੀ ਸੁਰੱਖਿਆ ਨੂੰ ਤੁਰੰਤ ਪ੍ਰਭਾਵ ਨਾਲ ਵਧਾ ਦਿੱਤਾ ਗਿਆ ਹੈ। ਸ਼ੱਕੀ ਗੱਡੀ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਇਸ ਘਟਨਾ ਦੇ ਬਾਅਦ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਅਤੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਉਸ ਦੀ ਜਾਂਚ ਵੀ ਕੀਤੀ ਗਈ। ਵ੍ਹਾਈਟ ਹਾਊਸ ਦੇ ਨੇੜੇ-ਤੇੜੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਂਚ ਮੁਹਿੰਮ ਅਜੇ ਜਾਰੀ ਹੈ।
ਅਫਵਾਹ ਫੈਲਾਉਣ ਵਾਲਾ ਗ੍ਰਿਫਤਾਰ
ਅਮਰੀਕਾ ਵਿਚ ਵ੍ਹਾਈਟ ਹਾਊਸ ਦੀ ਜਾਂਚ ਚੌਕੀ ਕੋਲ ਕਾਰ ਲਿਜਾਣ ਅਤੇ ਉਸ ਵਿਚ ਬੰਬ ਹੋਣ ਦੀ ਅਫਵਾਹ ਫੈਲਾਉਣ ਲਈ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਸੀ. ਐੱਨ. ਐੱਨ. ਨੇ ਬੀਤੀ ਦੇਰ ਰਾਤ ਦੱਸਿਆ ਕਿ ਵਾਹਨ ਵਿਚ ਕਿਸੇ ਵੀ ਕਿਸਮ ਦੇ ਧਮਾਕਾਖੇਜ਼ ਉਪਕਰਨ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।


