ਟੋਲ ਟੈਕਸ ਦੀ ਮੁਆਫੀ ਅਤੇ ਪੱਤਰਕਾਰਾਂ ਦੀਆਂ ਦੂਸਰੀਆਂ ਮੰਗਾਂ ਤੁਰੰਤ ਪ੍ਰਵਾਨ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੋਕਾਂ ਦਾ ਦਿਲ ਜਿੱਤਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਪੱਤਰਕਾਰਾਂ ਦਾ ਵੀ ਮਨ ਜਿੱਤ ਲਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਮੰਤਰੀ ਮਡੰਲ ਦੀ ਪਹਿਲੀ ਬੈਠਕ ਵਿੱਚ ਹੀ ਪੱਤਰਕਾਰਾਂ ਦੀਆਂ ਵਰ੍ਹਿਆਂ ਤੋਂ ਲਟਕ ਰਹੀਆਂ ਕੁਝ ਮੰਗਾਂ ਨੂੰ ਫੌਰੀ ਤੌਰ ’ਤੇ ਪ੍ਰਵਾਨ ਕਰ ਲਿਆ ਗਿਆ। ਹੁਣ ਮਾਨਤਾ ਪ੍ਰਾਪਤ ਪੱਤਰਕਾਰ ਟੋਲ ਟੈਕਸ ਦੀ ਅਦਾਇਗੀ ਤੋਂ ਬਿਨਾ ਰਾਜ ਮਾਰਗਾਂ ਉਪਰ ਸਫਰ ਕਰ ਸਕਣਗੇ। ਇਸ ਦੇ ਨਾਲ ਹੀ ਸਰਕਾਰ ਨੇ ਮੀਡੀਆ ਸੰਸਥਾਵਾਂ ’ਤੇ ਅਧਾਰਤ ਐਕਰੀਡੀਟੇਸਨ ਕਮੇਟੀ ਬਣਾਉਣ ਦਾ ਵੀ ਫੈਸਲਾ ਲਿਆ ਹੈ। ਪੱਤਰਕਾਰਾਂ ਨੂੰ ਸਰਕਾਰੀ ਰਿਹਾਇਸ਼ ਅਲਾਟ ਕਰਨ ਵਾਸਤੇ ਮੌਜੂਦਾ ਨਿਯਮਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ ਤਾਂ ਜੋ ਪੱਤਰਕਾਰਾਂ ਲਈ ਪਾਰਦਰਸ਼ੀ ਢੰਗ ਨਾਲ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕੇ। ਇਹ ਸੱਚਮੁੱਚ ਵੱਡੇ ਅਤੇ ਅਹਿਮ ਫੈਸਲੇ ਹਨ। ਦਹਾਕਿਆਂ ਤੋਂ ਪੱਤਰਕਾਰ ਇਸ ਲਈ ਸੰਘਰਸ਼ ਕਰ ਰਹੇ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਾਅਦਿਆਂ ਦੇ ਬਾਵਜੂਦ ਦਸ ਸਾਲਾਂ ਵਿੱਚ ਇਨ੍ਹਾਂ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਫੌਰੀ ਤੌਰ ’ਤੇ ਫੈਸਲੇ ਲੈਣ ਲਈ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਲਈ ਗਈ ਪਹਿਲਕਦਮੀ ਨਾਲ ਪੱਤਰਕਾਰ ਭਾਈਚਾਰਾ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਨਵੇਂ ਮੁੱਖ ਮੰਤਰੀ ਹੁਣ ਪੱਤਰਕਾਰਾਂ ਦੇ ਵੀ ਨਾਇਕ ਅਤੇ ਚਹੇਤੇ ਬਣ ਗਏ ਹਨ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਪੱਤਰਕਾਰਾਂ ਦਾ ਸਨਮਾਨ ਬਹਾਲ ਕਰਨ ਲਈ ਅਹਿਮ ਕਦਮ ਚੁੱਕੇ ਹਨ। ਸਰਕਾਰ ਨੂੰ ਪੱਤਰਕਾਰਾਂ ਦੀਆਂ ਦੂਸਰੀਆਂ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪੱਤਰਕਾਰਾਂ ਲਈ ਸਿਹਤ ਬੀਮੇ ਅਤੇ ਪੈਨਸਨ ਆਦਿ ਦੇ ਮਸਲੇ ਵੀ ਲਟਕੇ ਹੋਏ ਹਨ। ਨਵੀਂ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਸਬੰਧ ਵਿੱਚ ਵੱਡੀਆਂ ਉਮੀਦਾਂ ਹਨ। ਮੀਡੀਆ ਪ੍ਰਤੀ ਉਨ੍ਹਾਂ ਦੀ ਦਰਿਆਦਿਲੀ ਲਈ ਧੰਨਵਾਦ ਦਾ ਸ਼ਬਦ ਸ਼ਾਇਦ ਛੋਟਾ ਹੈ।
ਆਮ ਲੋਕਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਣ ਪੱਤਰਕਤਾਰਾਂ ਦੇ ਵੀ ਨਾਇਕ ਬਣੇ



