ਸੂਰਜਕਾਂਡ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਾਲ 2022 ਤੱਕ ਉਨ੍ਹਾਂ ਦਾ ਆਮਦਨ ਦੁੱਗਣੀ ਹੋ ਜਾਵੇਗੀ। ਉਨ੍ਹਾਂ ਖੇਤੀ ਖੇਤਰ ‘ਚ ਵਿਕਾਸ ਦੀਆਂ ਸਰਬਪੱਖੀ ਸੰਭਾਵਨਾਂ ਪ੍ਰਗਟਾਉਂਦਿਆਂ ਇਸ ਨੂੰ 21ਵੀਂ ਸਦੀ ਦਾ ਉਭਰਦਾ ਹੋਇਆ ਖੇਤਰ ਦੱਸਿਆ। ਰਾਜਨਾਥ ਸਿੰਘ ਨੇ ਇਨ੍ਹਾਂ ਖਦਸ਼ਿਆਂ ਨੂੰ ਗਲਤ ਦੱਸਿਆ ਕਿ ਖੇਤੀਬਾੜੀ ਦਾ ਭਵਿੱਖ ਹਨ੍ਹੇਰੇ ‘ਚ ਹੈ। ਇਸ ਦੇ ਉਲਟ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਭਵਿੱਖ ਕਾਫੀ ਚੰਗਾ ਹੈ।ਗ੍ਰਹਿ ਮੰਤਰੀ ਇੱਥੇ ਹਰਿਆਣਾ ਸਰਕਾਰ ਵਲੋਂ ਆਯੋਜਿਤ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੀ ਆਪਣੀ ਯੋਜਨਾ ਪਹਿਲਾਂ ਹੀ ਦੱਸ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਦਾ ਇਸ ਯੋਜਨਾ ਨੂੰ ਅਸਲੀਅਤ ‘ਚ ਬਦਲਾਂਗੇ।ਗ੍ਰਹਿ ਮੰਤਰੀ ਨੇ ਕਿਸਾਨਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਸਾਹਮਣੇ ਖੇਤੀ ਦੀ ਵਧ ਰਹੀ ਲਾਗਤ ਅਤੇ ਖੇਤੀ ਪੈਦਾਵਾਰ ਦੀ ਢੁਕਵੀਂ ਕੀਮਤ ਨਾ ਮਿਲਣ ਵਰਗੀਆਂ ਸਮੱਸਿਆਵਾਂ ਹਨ। ਸਿੰਘ ਨੇ ਇਨ੍ਹਾਂ ਖਦਸ਼ਿਆਂ ਨੂੰ ਦੂਰ ਕੀਤਾ ਕਿ ਭਾਰਤੀ ਕਿਸਾਨਾਂ ਦਾ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਨੇ ਕਿਹਾ, ‘‘ਮੈਂ ਅਤੇ ਮੇਰੇ ਵਰਗੇ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਖੇਤੀ ਖੇਤਰ ‘ਚ ਵਾਧੇ ਦੀ ਸੰਭਾਵਨਾ ਨਾ ਤਾਂ ਖਤਮ ਹੋਈ ਹੈ ਅਤੇ ਨਾ ਹੀ ਇੱਥੇ ਕਿਸਾਨਾਂ ਦਾ ਭਵਿੱਖ ਹਨ੍ਹੇਰੇ ‘ਚ ਹੈ।‘‘ਗ੍ਰਹਿ ਮੰਤਰੀ ਨੇ ਆਪਣੀ ਗੱਲ ਨੂੰ ਹੋਰ ਮਜ਼ਬੂਤੀ ਦਿੰਦਿਆਂ ਕਿਹਾ ਕਿ ਦੁਨੀਆਭਰ ’ਚ ਕਈ ਲੋਕ ਮੰਨਣ ਲੱਗੇ ਹਨ ਕਿ 21ਵੀਂ ਸਦੀ ’ਚ ਖੇਤੀਬਾੜੀ ਹੀ ਇਕਲੌਤਾ ਉਭਰਦਾ ਖੇਤਰ ਹੈ।
ਕਿਸਾਨਾਂ ਦੇ ਚੰਗੇ ਭਵਿੱਖ ਲਈ 2022 ਤੱਕ ਦੁੱਗਣੀ ਹੋਵੇਗੀ ਆਮਦਨ



