ਤਲਵੰਡੀ ਸਾਬੋ, 18 ਮਾਰਚ (ਰਾਮ ਰੇਸ਼ਮ ਨਥੇਹਾ)- ਕੋਟ ਫੱਤਾ ਬਲੀ ਕਾਂਡ ਵਿੱਚ ਮੁੱਢਲੇ ਤੌਰ ’ਤੇ ਦੋਸ਼ੀ ਸਮਝੇ ਜਾ ਰਹੇ ਅਤੇ ਪੁਲਿਸ ਵੱਲੋਂ ਕੇਸ ਵਿੱਚੋਂ ਪਾਸੇ ਰੱਖੇ ਗਏ ਇੱਕ ਤਾਂਤਰਿਕ ਦੇ ਮੁੱਦੇ ਨੂੰ ‘ਪੰਜਾਬ ਟਾਇਮਜ਼’ ਵੱਲੋਂ ਪ੍ਰਮੁੱਖਤਾ ਨਾਲ ਛਾਪੇ ਜਾਣ ਤੋਂ ਬਾਅਦ ਅੱਜ ਥਾਣਾ ਕੋਟ ਫੱਤਾ ਦੀ ਪੁਲਿਸ ਨੇ ਉਕਤ ਤਾਂਤਰਿਕ ਲਖਵੀਰ ਸਿੰਘ ਉਰਫ ਲੱਖੀ ਨੂੰ ਉਸ ਦੀ ਕਾਲਾਂ ਵਾਲੀ (ਸਿਰਸਾ) ਸਥਿਤ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਬਲੀ ਦੇ ਨਾਮ ’ਤੇ ਕਤਲ ਕੀਤੇ ਗਏ ਮਾਸੂਮਾਂ ਦੇ ਦਾਦੇ ਸ. ਮੁਖਤਿਆਰ ਸਿੰਘ ਨੇ ਬੀਤੀ ਕੱਲ੍ਹ ‘ਪੰਜਾਬ ਟਾਇਮਜ਼’ ਦੇ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਸ ਦੇ ਭਰਾ ਲਾਭ ਸਿੰਘ ਵੱਲੋਂ ਮਿਲੀ ਅਧੂਰੀ ਜਾਣਕਾਰੀ ਦੇ ਆਧਾਰ ’ਤੇ ਹੀ ਪਰਚਾ ਦਰਜ ਕੀਤਾ ਸੀ ਅਤੇ ਘਟਨਾ ਤੋਂ ਅਗਲੇ ਦਿਨ ਉਸ ਵੱਲੋਂ ਥਾਣੇ ਅੰਦਰ ਤਾਇਨਾਤ ਥਾਣੇਦਾਰ ਦਰਸ਼ਨ ਸਿੰਘ ਨੂੰ ਦਰਜ ਬਿਆਨਾਂ ’ਤੇ ਪੁਲਿਸ ਨੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਇਸ ਮੁੱਦੇ ਨੂੰ ਪੰਜਾਬ ਟਾਇਮਜ਼ ਵੱਲੋਂ 18 ਮਾਰਚ 2017 ਦੇ ਅੰਕ ਵਿੱਚ ਮੁੱਖ ਪੰਨੇ ’ਤੇ ਪ੍ਰਮੁੱਖਤਾ ਨਾਲ ਛਾਪੇ ਜਾਣ ਤੋਂ ਬਾਅਦ ਪੁਲਿਸ ਨੇ ਇੱਕਦਮ ਹਰਕਤ ਵਿੱਚ ਆਉਂਦਿਆਂ ਅੱਜ ਸੁਭਾ ਕਰੀਬ ਸਾਢੇ ਦਸ ਵਜੇ ਉਕਤ ਤਾਂਤਰਿਕ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਸਬੰਧ ਵਿੱਚ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕੋਟ ਫੱਤਾ ਦੇ ਇੰਚਾਰਜ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਡੇ ਕੋਲ ਪੀੜਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੇ ਲੱਖੀ ਬਾਬਾ ਦੇ ਖਿਲਾਫ ਅਜੇ ਤੱਕ ਕੋਈ ਬਿਆਨ ਦਰਜ ਨਹੀਂ ਕਰਵਾਇਆ। ਸਿਰਫ ਪੁੱਛ ਪੜਤਾਲ ਲਈ ਤਾਂਤਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਤਾਂਤਰਿਕ ਇਸ ਕਾਂਡ ਵਿੱਚ ਦੋਸ਼ੀ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਹਿਰਾਸਤ ਵਿੱਚ ਲਏ ਗਏ ਕਥਿਤ ਦੋਸ਼ੀ ਤਾਂਤਰਿਕ ਲਖਵੀਰ ਸਿੰਘ ਉਰਫ ਲੱਖੀ ਬਾਬਾ ਨੇ ਆਪਣਾ ਪੱਖ ਪੇਸ਼ ਕਰਦਿਆਂ ‘ਪੰਜਾਬ ਟਾਇਮਜ਼’ ਨੂੰ ਦੱਸਿਆ ਕਿ ਉਹ ਕਾਲਾਂ ਵਾਲੀ ਦੇ ਸਾਂਝੇ ਪੀਰ ਖਾਨੇ ਦਾ ਸੇਵਾਦਾਰ ਹੈ ਅਤੇ ਕੋਈ ਤੰਤਰ ਵਿੱਦਿਆ ਨਹੀਂ ਜਾਣਦਾ, ਜਦੋਂ ਕਿ ਸੰਗਤਾਂ ਵੱਲੋਂ ਚੜ੍ਹਾਇਆ ਹੋਇਆ ਪ੍ਰਸਾਦ ਹੀ ਸੰਗਤਾਂ ਵਿੱਚ ਵੰਡ ਦਿੰਦਾ ਹੈ।
ਸਾਂਝਾ ਪੀਰਖਾਨਾ ਕਮੇਟੀ ਵੱਲੋਂ ਪਿਛਲੇ ਦਿਨੀਂ ਉਕਤ ਬਾਬੇ ਖਿਲਾਫ ਪ੍ਰਕਾਸ਼ਿਤ ਖਬਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਲੱਖੀ ਬਾਬੇ ਨੇ ਕਿਹਾ ਕਿ ਕਮੇਟੀ ਦੇ ਇੱਕ ਮੈਂਬਰ ਨਾਲ ਉਸ ਦੀ ਕਿਸੇ ਜ਼ਮੀਨੀ ਪਲਾਟ ਨੂੰ ਲੈ ਕੇ ਅਣਬਣ ਹੈ ਜਿਸ ਕਾਰਨ ਉਸ ਨੇ ਨਿੱਜੀ ਰੰਜਿਸ਼ ਦੇ ਚਲਦਿਆਂ ਇਹ ਖਬਰ ਲਗਵਾਈ ਹੈ।
ਕੋਟ ਫੱਤਾ ਬਲੀ ਕਾਂਡ: ਖ਼ਬਰ ਤੋਂ ਬਾਅਦ ਪੁਲਿਸ ਨੇ ਤਾਂਤਰਿਕ ਨੂੰ ਹਿਰਾਸਤ ’ਚ ਲਿਆ



