ਤਲਵੰਡੀ ਸਾਬੋ, 8 ਮਾਰਚ (ਰਾਮ ਰੇਸ਼ਮ ਨਥੇਹਾ)- ਗੁਰੂ ਸਾਹਿਬਾਨਾਂ ਦੁਆਰਾ ਬਖਸ਼ਿਸ਼ ਕੀਤਾ ਸਿੱਖੀ ਦਾ ਤਾਜ ਦਸਤਾਰ ਜੋ ਕਿ ਨੌਜਵਾਨਾਂ ਦੇ ਸਿਰ ਤੋਂ ਅਲੋਪ ਹੁੰਦਾ ਜਾ ਰਿਹਾ ਹੈ ਨੂੰ ਮੁੜ ਨੌਜਵਾਨਾਂ ਦੇ ਸੀਸ ‘ਤੇ ਸਜਾਉਣ ਦੇ ਮਕਸਦ ਨਾਲ ਦੁਬਈ ਦੀ ਧਰਤੀ ਤੋਂ ਸ਼ੁਰੂ ਕੀਤੇ ਗਏ ਬਾਬਾ ਜੁਝਾਰ ਸਿੰਘ ਕਲੱਬ ਦੁਬਈ ਦੀ ਸਮੁੱਚੀ ਟੀਮ ਵੱਲੋਂ ਪਹਿਲੇ ਦੁਬਈ ਦੀ ਧਰਤੀ ਕਰਵਾਏ ਗਏ ਦਸਤਾਰ ਮੁਕਾਬਲਿਆਂ ਤੋਂ ਬਾਅਦ ਹੁਣ ਪੰਜਾਬ ਦੀ ਧਰਤੀ ਤੇ ਪੰਜ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਹਰ ਮੁਕਾਬਲੇ ਦੌਰਾਨ ਸੋਲ੍ਹਾਂ-ਸੋਲ੍ਹਾਂ ਹਜ਼ਾਰ ਦੇ ਛੇ ਇਨਾਮ ਤਕਸੀਮ ਕੀਤੇ ਗਏ।ਜਿੰਨ੍ਹਾਂ ਦੇ ਸਦਕਾ ਪੰਜਾਬ ਦੀ ਨੌਜਵਾਨ ਪੀੜ੍ਹੀ ਦਸਤਾਰ ਪ੍ਰਤੀ ਜਾਗਰੂਕ ਹੋ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਿਤ ਪ੍ਰਚਾਰਕ ਭਾਈ ਪਰਗਟ ਸਿੰਘ ਮੋਗਾ ਨੇ ਉਕਤ ਕਲੱਬ ਵੱਲੋਂ ਕਰਵਾਏ ਗਏ ਦਸਤਾਰ ਸਜਾਓ ਮੁਕਾਬਲੇ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਪਣੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਕਿਹਾ ਕਿ ਉਕਤ ਕਲੱਬ ਵੱਲੋਂ ਕਰਵਾਏ ਗਏ ਦਸਤਾਰ ਮੁਕਾਬਲਿਆਂ ਵਿੱਚ ਸੈਂਕੜੇ ਨੌਜਵਾਨਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਭਾਗ ਲੈਣ ਵਾਲਾ ਹਰ ਨੌਜਵਾਨ ਵੀਰ ਸਾਬਤ ਸੂਰਤ ਸੀ ਜਿੰਨ੍ਹਾਂ ਨੂੰ ਬਾਈ ਪਰਗਟ ਸਿੰਘ ਮੋਗਾ ਵੱਲੋਂ ਸਿੱਖ ਇਤਿਹਾਸ ਅਤੇ ਗੁਰਬਾਣੀ ਸੰਬੰਧੀ ਸਵਾਲ ਵੀ ਪੁੱਛੇ ਗਏ, ਕਿਉਂਕਿ ਕਲੱਬ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਦਸਤਾਰ ਦੀ ਖਾਸੀਅਤ ਅਤੇ ਦਸਤਾਰ ਲਈ ਹੋਈਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਿੰਡ ਨੱਥੋਕੇ ਵਿਖੇ ਬੀਤੇ ਪੰਜ ਮਾਰਚ ਨੂੰ ਪੰਜ ਵੀਰ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਜਿੰਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਇੱਕ ਬਾਂਹ ਨਹੀਂ ਸੀ ਪ੍ਰੰਤੂ ਉਹ ਦਸਤਾਰ ਬਹੁਤ ਸੋਹਣੀ ਸਜਾਉਂਦਾ ਸੀ। ਇਹਨਾਂ ਨੌਜਵਾਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਸੀ।
ਇਸ ਮੁਕਾਬਲੇ ਦੌਰਾਨ ਪਹਿਲਾ ਸਥਾਨ ਖਿਜਰਾਬਾਦ (ਮੋਹਾਲੀ), ਦੂਜਾ ਸਥਾਨ ਰਾਏਚੱਕ (ਗੁਰਦਾਸਪੁਰ), ਤੀਜਾ ਸਥਾਨ ਪਿੰਡ ਚੂੰਘਾਂ (ਬਰਨਾਲਾ) ਤੋਂ ਇਲਾਵਾ ਕਾਲਾ ਬੱਕਰਾ (ਜਲੰਧਰ) ਨੇ ਚੌਥਾ ਸਥਾਨ ਅਤੇ ਨੱਥੋਕੇ (ਮੋਗਾ) ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਸੀ। ਇਸ ਮੌਕੇ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਢੀਮਾਂ ਵਾਲੀ ਅਤੇ ਭਾਈ ਰਤਨ ਸਿੰਘ ਦੁਬਈ ਵਾਲਿਆਂ ਨੂੰ ਭਾਈ ਹਰਜੀਤ ਸਿੰਘ ਸਰਪੰਚ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਭਾਈ ਹਰਵਿੰਦਰ ਸਿੰਘ ਅਤੇ ਭਾਈ ਦਿਲਬਾਗ ਸਿੰਘ ਵੱਲੋਂ ਨਿਭਾਈ ਗਈ। ਇਸ ਹੋਰਨਾਂ ਤੋਂ ਇਲਾਵਾ ਸਤਵੰਤ ਸਿੰਘ, ਤਰਨਜੀਤ ਸਿੰਘ, ਰੂਪ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਅਰਸ਼ਦੀਪ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਮੇਲ ਸਿੰਘ, ਕੁਲਵਿੰਦਰ ਸਿੰਘ, ਇੰਦਰਪਾਲ ਸਿੰਘ, ਮੰਗਤ ਸਿੰਘ, ਗੁਰਸੇਵਕ ਸਿੰਘ ਅਤੇ ਸਟੇਜ ਸੰਚਾਲਕ ਭਾਈ ਜਰਨੈਲ ਸਿਘੰ ਆਦਿ ਹਾਜ਼ਰ ਸਨ।
ਟ
ਦਸਤਾਰ ਕੈਂਪਾਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਦਸਤਾਰ ਦੀ ਖਾਸੀਅਤ ਜਾਣੂੰ ਕਰਵਾਉਣਾ : ਭਾਈ ਪਰਗਟ ਸਿੰਘ ਮੋਗਾ



