ਜਿੰਦਗੀ ਤਿੰਨ ਅੱਖਰਾਂ ਦਾ ਸੁਮੇਲ, ਜਿਸ ਦੇ ਸ਼ਾਬਦਿਕ ਅਰਥ ਕਰਨੇ ਇਨੇਂ ਹੀ ਮੁਸ਼ਕਲ ਹਨ ਜਿੰਨਾਂ ਕਿ ਰੱਬ ਦੇ ਰਹੱਸ ਨੂੰ ਬਿਆਨ ਕਰਨਾ। ਫਿਰ ਵੀ ਇਹਨਾਂ ਤਿੰਨ ਅੱਖਰਾਂ ਦਾ ਗੁਲਦਸਤਾ ਬ੍ਰਹਿਮੰਡ ਦੀ ਸਮੁੱਚਤਾ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ।
ਜ । ਜ਼ਜਬਾਤਾਂ ਦਾ ਕਾਫਲਾ
ਦ । ਦਰਿਆ ਜਿਹੀ ਗਹਿਰਾਈ
ਗ । ਗੁਜ਼ਰਦੇ ਪਲ
ਇਸ ਪ੍ਰਕਾਰ ਜਿੰਦਗੀ ਜ਼ਜਬਾਤਾਂ ਦਾ ਇੱਕ ਕਾਫਲਾ ਹੈ ਜੋ ਅਨੇਕਾਂ ਪ੍ਰਕਾਰ ਦੇ ਵਿਚਾਰਾਂ, ਸੋਚਾਂ ਨੂੰ ਲੈ ਕੇ ਪਲ-ਪਲ ਗੁਜ਼ਰਦੀ ਜਾਂਦੀ ਹੈ। ਜਿਸ ਵਿੱਚ ਸਮਾਨਤਾ ਅਤੇ ਸਥਿਰਤਾ ਨਹੀਂ ਸਗੋਂ ਰਵਾਨਗੀ ਹੈ, ਫਿਰ ਸਮਾਂ ਭਾਵੇਂ ਤੁਹਾਡੇ ਪੱਖ ਵਿੱਚ ਹੋਵੇ ਜਾਂ ਵਿਪੱਖ ਵਿੱਚ, ਇਹਨਾਂ ਜ਼ਜਬਾਤਾਂ ਨੇ ਆਪਣੀ ਚਾਲੇ ਚੱਲਦੇ ਰਹਿਣਾ ਹੁੰਦਾ ਹੈ। ਇਹ ਗੁਜ਼ਰਦੇ ਪਲ ਮਨੁੱਖ ਨੂੰ ਖੁਸ਼ੀ, ਗਮੀ ਅਤੇ ਇਕੱਲੇਪਣ ਜਿਹੇ ਕਿੰਨੇ ਹੀ ਵੱਖਰੇ ਅਨੁਭਵਾਂ ਵਿੱਚੋਂ ਲੰਘਾਉਦੇ ਹਨ। ਇਹ ਵੱਖਰੇ ਅਨੁਭਵ ਮਨੁੱਖ ਨੂੰ ਆਪਣੀ ਹੋਂਦ ਅਤੇ ਯਥਾਰਥ ਦੇ ਨਜ਼ਦੀਕ ਲੈ ਜਾਂਦੇ ਹਨ। ਆਪੇ ਦੀ ਪਛਾਣ ਅਤੇ ਯਥਾਰਥ ਹੀ ਮਨੁੱਖ ਨੂੰ ਜਿੰਦਗੀ ਦੀ ਅਸਲ ਪਰਿਭਾਸ਼ਾ ਤੋਂ ਜਾਣੂ ਕਰਵਾਉਂਦੇ ਹਨ। ਮਨੁੱਖੀ ਹੋਂਦ ਕੀ ਹੈ? ਰਿਸ਼ਤੇ ਕੀ ਹਨ? ਦੁੱਖ ਕੀ ਹੈ? ਸੁੱਖ ਕੀ ਹੈ? ਸਭ ਤੋਂ ਬੇਸ਼ਕੀਮਤੀ ਗਿਆਨ, ਸਮਾਂ ਕੀ ਹੈ? ਇਸ ਸਭ ਦਾ ਗਿਆਨ ਜਿੰਦਗੀ ਦੇ ਵੱਖਰੇ ਵੱਖਰੇ ਅਨੁਭਵਾਂ ਵਿੱਚੋਂ ਗੁਜ਼ਰ ਕੇ ਆਉਂਦਾ ਹੈ।
ਅਸਲ ਵਿੱਚ ਜਿੰਦਗੀ ਵਿੱਚ ਬੇਰੁੱਖਤਾ ਦਾ ਕਾਰਨ ਸਮੇਂ ਦੀ ਕਦਰ ਨਾ ਕਰਨਾ ਹੈ। ਜਿੰਦਗੀ ਦੇ ਰਸ ਨੂੰ ਮਾਨਣ ਲਈ ਸਮੇਂ ਦੀ ਕਦਰ ਅਤੇ ਆਪੇ ਦੀ ਪਹਿਚਾਣ, ਦੋਵੇਂ ਗੱਲਾਂ ਦਾ ਹੋਣਾ ਜ਼ਰੂਰੀ ਹੈ। ਇਹ ਦੋਵੇਂ ਗੱਲਾਂ ਇਨਸਾਨ ਨੂੰ ਇਕੱਲੇਪਣ ਦੌਰਾਨ ਸਮਝ ਆਉਂਦੀਆਂ ਹਨ।
ਜਦ ਅਸੀਂ ਲੋਕਾਂ ਦੀ ਭੀੜ ਵਿੱਚ ਹੁੰਦੇ ਹਾਂ ਤਾਂ ਸਮੇਂ ਦੀ ਸੀਮਾਂ ਤੋਂ ਬਾਹਰ ਅਤੇ ਸੱਚ ਤੋਂ ਪਰੇ, ਇੱਕ ਝੂਠੀ ਦੁਨੀਆਂ ਵਿੱਚ ਵਿਚਰ ਰਹੇ ਹੁੰਦੇ ਹਾਂ। ਇਸ ਝੂਠੀ ਦੁਨੀਆਂ ਵਿੱਚ ਵਿਚਰਦੇ ਵਿਚਰਦੇ ਅਸੀਂ ਆਪਣੀ ਅਸਲ ਹੋਂਦ ਅਤੇ ਕੀਮਤੀ ਸਮਾਂ ਦੋਵਾਂ ਨੂੰ ਗੁਆ ਲੈਂਦੇ ਹਾਂ।
ਇਹਨਾਂ ਬੇਸ਼ਕੀਮਤੀ ਖਜਾਨਿਆਂ ਨੂੰ ਗੁਆ ਲੈਣ ਤੋਂ ਬਾਅਦ ਜਦ ਹੋਸ਼ ਆਉਂਦੀ ਹੈ ਤਾਂ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਜਦ ਦੁਨਿਆਵੀ ਭੀੜ ਸਾਥ ਛੱਡਦੀ ਹੈ ਅਤੇ ਸਮੇਂ ਦੀ ਮਾਰ ਪੈਂਦੀ ਹੈ ਤਾਂ ਸਾਰੀ ਕਹਾਣੀ ਸਮਝ ਆਉਂਦੀ ਹੈ।
ਦੁਨਿਆਵੀ ਭੀੜ ਨਾਲ ਵਿਚਰਦਿਆਂ ਸਮੇਂ ਦੀ ਘਾਟ ਖਟਕਦੀ ਹੈ ਪਰੰਤੂ ਇਕੱਲੇਪਣ ਦੇ ਦੌਰਾਨ ਸਮਾਂ ਗੁਜ਼ਰਦਾ ਨਹੀਂ, ਇੰਝ ਲੱਗਦਾ ਹੈ ਜਿਵੇਂ ਸਮਾਂ ਰੁਕ ਗਿਆ ਹੋਵੇ। ਫਿਰ ਮਹਿਸੂਸ ਹੁੰਦਾ ਹੈ ਕਿ ਕੁੱਝ ਕਰ ਗੁਜ਼ਰਨ ਲਈ ਬਹੁਤ ਸਮਾਂ ਸੀ, ਪਰ ਦੁਨਿਆਵੀ ਭੀੜ ਨਾਲ ਮਿਲ ਕੇ ਇਸ ਬੇਸ਼ਕੀਮਤੀ ਸਮੇਂ ਨੂੰ ਅਜਾਈਂ ਹੀ ਗੁਆ ਦਿੱਤਾ। ਕਿਸੇ ਨੇ ਖੂਬ ਕਿਹਾ ਹੈ:
ਆਜ ਤਨਹਾ ਹੁਏ ਤੋ ਅਹਿਸਾਸ ਹੁਆ,
ਕਈ ਘੰਟੇ ਹੋਤੇ ਹੈਂ ਏਕ ਦਿਨ॥
ਸੋ ਇਹ ਦੁਨਿਆਵੀ ਮਾਰ, ਇਕੱਲਾਪਣ ਅਤੇ ਤਨਹਾਈ ਸਾਡੇ ਲਈ ਵਰਦਾਨ ਵੀ ਹੈ ਜਿਸ ਦੇ ਸਦਕਾ ਸਾਨੂੰ ਆਪੇ ਦੀ ਪਛਾਣ ਅਤੇ ਸਮੇਂ ਦੀ ਕੀਮਤ ਦਾ ਪਤਾ ਲਗਦਾ ਹੈ। ਜ਼ਜਬਾਤਾਂ ਭਰੀ ਇਸ ਜਿੰਦਗੀ ਨੂੰ ਜਿਊਣ ਲਈ ਇੱਕ ਵਿਲੱਖਣ ਅਤੇ ਨਵੀਂ ਕਲਾ ਦਾ ਪਤਾ ਲੱਗਦਾ ਹੈ। ਜ਼ਜਬਾਤਾਂ ਅਤੇ ਅਹਿਸਾਸਾਂ ਤੋਂ ਬਿਨਾਂ ਜਿੰਦਗੀ ਦੇ ਬਾਕੀ ਰੰਗ ਫਿੱਕੇ ਹਨ, ਬਸ਼ਰਤੇ ਸਾਨੂੰ ਇਹਨਾਂ ਜ਼ਜਬਾਤਾਂ ਅਤੇ ਅਹਿਸਾਸਾਂ ਦੀ ਪਹਿਚਾਣ ਅਤੇ ਕਦਰ ਹੋਵੇ। ਸਹੀ ਜਗ੍ਹਾ, ਸਹੀ ਕੰਮ ਅਤੇ ਸਹੀ ਫੈਸਲੇ ਲੈਣ ਦੀ ਬੋਧਿਕ ਯੋਗਤਾ ਹੋਵੇ। ਆਪਣੇ ਵਿੱਚ ਛੁਪੇ ਬਿਗਾਨੇ ਅਤੇ ਬਿਗਾਨਿਆਂ ਵਿੱਚ ਛੁਪੇ ਆਪਣੇ ਨੂੰ ਪਹਿਚਾਨਣ ਵਾਲੀ ਅੱਖ ਹੋਵੇ ਫਿਰ ਅਸੀਂ ਇਸ ਜ਼ਜਬਾਤੀ ਦਰਿਆ ਵਿੱਚ ਡੂੰਘੀ ਚੁਭੀ ਮਾਰ ਕੇ ਇਸ ਦਾ ਆਨੰਦ ਉਠਾ ਸਕਦੇ ਹਾਂ।
ਜਿੰਦਗੀ ਦੇ ਗੁਜ਼ਰਦੇ ਹੋਏ ਹਰ ਇੱਕ ਪਲ ਨੂੰ ਸੁਨਿਹਰੀ ਪਲ ਦੀ ਤਰ੍ਹਾਂ ਸੰਯੋਅ ਕੇ ਰੱਖ ਸਕਦੇ ਹਾਂ। ਫਿਰ ਇਸ ਜਿੰਦਗੀ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ, ਸਗੋਂ ਇਸ ਲਈ ਪਿਆਰ ਹੋਵੇਗਾ ਅਤੇ ਇਸ ਨੂੰ ਮਾਨਣ ਦਾ ਚਾਅ ਅਤੇ ਹੁਲਾਸ ਦਿਲ ਵਿੱਚ ਹੋਵੇਗਾ। ਫਿਰ ਕਾਦਰ ਦੀ ਇਸ ਕੁਦਰਤ ਵਿੱਚ ਬੇਮਿਸਾਲ ਸੁੰਦਰਤਾ ਅਤੇ ਨਜ਼ਾਕਤ ਨਜ਼ਰ ਆਵੇਗੀ ਜੋ ਸਾਨੂੰ ਰੰਗੀਨੀਅਤ ਬਖਸ਼ ਕੇ ਆਪਣੇ ਰੰਗ ਵਿੱਚ ਰੰਗ ਲਵੇਗੀ।
ਸੋ ਆਓ ਇਸ ਜ਼ਜਬਾਤੀ ਦਰਿਆ ਵਿਚੋਂ ਆਪੇ ਦੀ ਪਛਾਣ ਅਤੇ ਸਮੇਂ ਦੀ ਕਦਰ ਕਰਦੇ ਹੋਏ ਅੱਗੇ ਵਧੀਏ। ਜਿੰਦਗੀ ਦੀਆਂ ਅਸਫਲਤਾਵਾਂ ਨੂੰ ਸਫਲਤਾਵਾਂ ਵਿੱਚ ਬਦਲਣ ਲਈ ਕੋਸ਼ਿਸ਼ ਕਰੀਏ।
ਇਹਨਾਂ ਜ਼ਜਬਾਤੀ ਦਰਿਆਵਾਂ ਅਤੇ ਅਸਫਲਤਾਵਾਂ ਨੂੰ ਸਰ ਕਰਕੇ ਅੱਗੇ ਵਧਣਾ ਔਖਾ ਹੋ ਸਕਦਾ ਹੈ, ਪਰ ਨਾਮੁੰਮਕਿੰਨ ਨਹੀਂ। ਇੱਕ ਕੋਸ਼ਿਸ਼ ਆਪਣੀ ਵੱਖਰੀ ਹੋਂਦ ਬਣਾਉਣ ਦੀ ਵੀ ਕਰਕੇ ਦੇਖੋ, ਜਿੰਦਗੀ ਸਾਰੇ ਰਹੱਸਾਂ ਨੂੰ ਆਪਣੇ ਆਪ ਉਜਾਗਰ ਕਰ ਦੇਵੇਗੀ।
ਕਾਦਰ ਦੀ ਕੁਦਰਤ ਨੂੰ ਮਾਣਦੇ ਹੋਏ ਉਸ ਵਿੱਚ ਰਚਣ ਦੀ ਕੋਸ਼ਿਸ਼ ਕਰੋ ਫਿਰ ਜਿੰਦਗੀ ਨਾਮੀ ਜ਼ਜਬਾਤੀ ਦਰਿਆ ਕੇਵਲ ਗੁਜ਼ਰਦਾ ਮਹਿਸੂਸ ਨਹੀਂ ਹੋਵੇਗਾ ਸਗੋਂ ਆਪਣੀ ਵੱਖਰੀ ਛਾਪ ਛੱਡਦਾ ਪ੍ਰਤੀਤ ਹੋਵੇਗਾ। ਜਿਸ ਵਿੱਚ ਤੁਸੀਂ ਆਪੇ ਦੇ ਨਾਲ; ਅਤੇ ਆਪਾ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਵਧ ਰਿਹਾ ਹੋਵੇਗਾ।
ਜ਼ਿੰਦਗੀ ਦਾ ਰਸ


