ਗੁਰਦੁਆਰਾ ਟਿੱਬੀ ਸਾਹਿਬ ਤੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1761 ਬਿ: ਸੰਮਤ 1704 ਈ:ਵਿੱਚ ਆਪਣੇ ਚਰਨ ਪਾਏ। ਗੁ. ਗੰਗਸਰ ਸਾਹਿਬ ਵਿਖੇ ਇੱਕ ਬ੍ਰਹਮਣ ਨੂੰ ਚਲਦੀ ਗੰਗਾ ਵਿਖਾਈ ਤੇ ਉਸਦਾ ਹਰਿਦੁਆਰ ਵਿੱਚ ਗੁਆਚਾ ਗੜਵਾ ਇਸ ਥਾਂ ਤੋਂ ਲੱਭਾ। ਇਸ ਲਈ ਇਸ ਅਸਥਾਨ ਦਾ ਨਾਂ ‘ਗੰਗਸਰ ਸਾਹਿਬ’ ਪ੍ਰਸਿੱਧ ਹੋ ਗਿਆ। ਜੈਤੋ ਦੇ ਮੋਰਚੇ ਸਮੇਂ ਇਹ ਇਲਾਕਾ ਨਾਭਾ ਰਿਆਸਤ ਵਿੱਚ ਆਉਂਦਾ ਸੀ।ਉਸ ਸਮੇਂ ਨਾਭਾ ਦਾ ਰਾਜਾ ਰਿਪੁਦਮਨ ਸਿੰਘ ਸੀ। ਰਾਜਾ ਰਿਪੁਦਮਨ ਸਿੰਘ 24 ਜਨਵਰੀ 1912 ਨੂੰ 28 ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠਾ ਸੀ।ਰਾਜਾ ਸਾਹਿਬ ਸਿੱਖਾਂ ਵਿੱਚ ਹਰਮਨ ਪਿਆਰੇ ਰਾਜੇ ਸਨ। ਉਹਨਾਂ ਨੇ ਅਕਾਲੀਆਂ ਨੂੰ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈਣ ਦੀ ਪੂਰੀ ਖੁੱਲ ਦੇ ਰੱਖੀ ਸੀ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਹਾੜਾ ਪਹਿਲੀ ਵਾਰੀ ਨਾਭਾ ਰਿਆਸਤ ਵਿੱਚ ਮਨਾਇਆਂ ਗਿਆ। ਜਿਸਦਾ ਅੰਗਰੇਜ਼ ਹਕੂਮਤ ਨੇ ਬੁਰਾ ਮਨਾਇਆ। ਇਸੇ ਲਈ ਅੰਗਰੇਜ਼ ਨਾਭਾ ਦੇ ਰਾਜਾ ਰਿਪਦੁਮਨ ਸਿੰਘ ਨੂੰ ਗੱਦੀ ਤੋਂ ਲਾਂਭੇ ਕਰਨਾ ਚਾਹੁੰਦੇ ਸਨ। ਉਧਰ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਨਾਲ ਰਾਜਾ ਰਿਪਦੁਮਨ ਸਿੰਘ ਦੀ ਬਣਦੀ ਨਹੀ ਸੀ, ਇਸੇ ਲਈ ਉਸਨੇ ਰਾਜਾ ਰਿਪਦੁਮਨ ਸਿੰਘ ਤੇ ਅੱਠ ਮੁਕੱਦਮੇ ਕੀਤੇ ਹੋਏ ਸਨ। ਅੰਗਰੇਜ਼ ਹਕੂਮਤ ਨੇ ਇਸੇ ਝਗੜੇ ਨੂੰ ਮੁੱਦਾ ਬਣਾ ਕੇ ਆਪਣਾ ਵਾਰ ਕੀਤਾ। ਰਾਜਾ ਰਿਪਦੁਮਨ ਸਿੰਘ ਦੇ ਅਹਿਲਕਾਰਾਂ ਨੂੰ ਖਰੀਦ ਲਿਆ ਤੇ ਰਾਜਾ ਸਹਿਬ ਨੂੰ ਕੋਈ ਨਸ਼ੀਲੀ ਚੀਜ਼ ਖੁਆ ਦਿੱਤੀ, ਜਿਸ ਨਾਲ ਰਾਜਾ ਸਾਹਬ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਤੇ ਹੋਰ ਕਈ ਝੂਠੇ ਇਲਜਾਮ ਲਗਾ ਕੇ ਰਾਜਾ ਰਿਪਦੁਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਤੇ ਜਲਾਵਤਨ ਕਰ ਦਿੱਤਾ। ਮਾ: ਤਾਰਾ ਸਿੰਘ ਇਹ ਸਾਰੇ ਹਲਾਤ ‘ਅਕਾਲੀ ਪ੍ਰਦੇਸੀ’ ਵਿੱਚ ਲਿੱਖਦੇ ਹਨ। ਜਿਸ ਨਾਲ ਸਾਰੇ ਪੰਥ ਵਿੱਚ ਜੋਸ਼ ਭਰ ਗਿਆ। ਫਿਰ 5 ਅਗਸਤ 1925 ਨੂੰ ਗੁ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ। 4 ਸਤੰਬਰ 1923 ਨੂੰ ਸ਼੍ਰੋਮਣੀ ਕਮੇਟੀ ਨੇ ਜੈਤੋ ਦੇ ਮੋਰਚੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। 120 ਸਿੰਘਾਂ ਦਾ ਜਥਾ ਮੁਕਤਸਰ ਦੇ ਰਸਤੇ ਜੈਤੋ ਭੇਜਿਆ। ਮਹਾਰਾਜੇ ਦੀ ਬਹਾਲੀ ਲਈ ਭਾਸ਼ਣ ਦਿੱਤੇ ਗਏ ਤੇ ਸ੍ਰੀ ਅਖੰਡ ਪਾਠ ਸਾਹਬ ਰੱਖਿਆ ਗਿਆ। ਉਸੇ ਵੇਲੇ ਸਾਰੇ ਜਥੇ ਨੁੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸ੍ਰੀ ਅਖੰਡ ਪਾਠ ਕਰ ਰਹੇ ਪਾਠੀ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਸ ਨਾਲ ਅਖੰਡ ਪਾਠ ਸਾਹਿਬ ਖੰਡਿਤ ਹੋ ਗਿਆ। 15 ਸਤੰਬਰ ਤੋਂ ਰੋਜ਼ਾਨਾ 25 ਸਿੰਘਾਂ ਦਾ ਜਥਾ ਜੈਤੋ ਪਹੁੰਚਦਾ ਤੇ ਬੇਝਿਜਕ ਗ੍ਰਿਫਤਾਰੀਆਂ ਦਿੰਦਾ।ਕਾਂਗਰਸ ਪਾਰਟੀ ਦੇ ਮੈਂਬਰ ਪੰਡਿਤ ਜਵਾਹਰ ਲਾਲ ਨਹਿਰੂ, ਕੇ-ਸਨਾਤਨਮ ਅਤੇ ਪ੍ਰਿ. ਗਿਡਵਾਨੀ ਵੀ ਜੈਤੋ ਵਿਖੇ ਪਹੁੰਚੇ ਤੇ ਉ¤ਥੇ ਉਨਾਂ ਨੂੰ ਐਡਮਨਿਸਟਰੇਟਰ ਵਿਲਸਨ ਜਾਨਸਟਨ ਦੇ ਆਦੇਸ਼ ਤੇ ਗ੍ਰਿਫਤਾਰ ਕਰ ਲਿਆ, ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। 13 ਅਕਤੂਬਰ 1923 ਨੂੰ 59 ਅਕਾਲੀ ਮੁੱਖੀਆਂ ਵਿਰੁੱਧ ਕੇਸ ਦਾਇਰ ਕਰਕੇ ਗ੍ਰਿਫਤਾਰ ਕਰ ਲਿਆ।
9 ਫਰਵਰੀ 1924 ਨੂੰ ਸ੍ਰੀ ਅਕਾਲ ਤਖਤ ਸਾਹਬ ਤੋਂ ਸ਼ਹੀਦੀ ਜਥਾ ਖੰਡਿਤ ਹੋਏ ਸ੍ਰੀ ਅਖੰਡ ਪਾਠ ਸਾਹਬ ਨੂੰ ਦੁਬਾਰਾ ਜਾਰੀ ਕਰਨ ਲਈ ਜੈਤੋ ਪਹੁੰਚਿਆ। 20 ਫਰਵਰੀ ਨੂੰ ਫਰੀਦਕੋਟ ਵਿੱਚ ਪਿੰਡ ਬਰਗਾੜੀ ਅਸਥਾਨ ਤੇ ਡੇਰਾ ਲਾਇਆ ਤੇ 21 ਫਰਵਰੀ ਨੂੰ ਇਸ ਜਥੇ ਨੇ ਜੈਤੋ ਵੱਲ ਚਾਲੇ ਪਾ ਦਿੱਤੇ। ਡਾ: ਕਿਚਲੂ, ਪ੍ਰਿੰ. ਗਿਡਵਾਨੀ ਤੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਮਿ: ਜ਼ਿਮੰਦ ਵੀ ਜਥੇ ਦੇ ਨਾਲ ਸਨ। ਜੈਤੋ ਦੀ ਹੱਦ ਤੇ ਪਹੁੰਚਣ ਤੇ ਇਹਨਾਂ ਨੇਤਾਵਾਂ ਨੂੰ ਰੋਕ ਲਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਉਠਾਈ ਜਾ ਰਹੇ ਸਨ।ਗੁ: ਗੰਗਸਰ ਸਹਬ ਜਾਣ ਵਾਲੇ ਰਸਤੇ ਨੂੰ ਕੰਡਿਆਲੀ ਤਾਰ ਨਾਲ ਰੋਕਾਂ ਲਾਈਆਂ ਹੋਈਆਂ ਸਨ। ਉ¤ਥੇ ਵਿਲਸਟਨ ਜਨਸਟਨ ਐਡਮਨਿਸਟਰੇਟਰ ਤੇ ਹੋਰ ਫੌਜ ਮੁੱਖੀ ਮੌਜੂਦ ਸਨ। ਜਿੰਨ੍ਹਾਂ ਨੇ ਜਥੇ ਨੁੰ ਅੱਗੇ ਜਾਣ ਤੋਂ ਰੋਕਿਆ, ਪਰ ਜਥਾ ਵਹਿਗੁਰੂ ਦਾ ਜਾਪ ਕਰਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਸੀ। ਜਥਾ ਰੁੱਕਦਾ ਨਾ ਵੇਖ ਕੇ ਵਿਲਸਟਨ ਨੇ ਆਪਣੇ ਸਾਥੀਆਂ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਜਥੇ ਉ¤ਪਰ ਵੇਖਦੇ ਹੀ ਵੇਖਦੇ ਚਾਰ ਚੁਫੇਰੇ ਤੋਂ ਗੋਲੀਬਾਰੀ ਹੋਣ ਲੱਗ ਪਈ, ਪਰ ਜਥਾ ਗੋਲੀਆਂ ਦੀ ਵਾਛੜ ਵਿੱਚ ਵੀ ਅੱਗੇ ਵੱਧਣ ਤੋਂ ਨਾ ਰੁਕਿਆ। ਇਸ ਗੋਲੀਬਾਰੀ ਦੌਰਾਨ ਕੁਝ ਫੱਟੜ ਹੋ ਗਏ ਤੇ ਕੁਝ ਸ਼ਹੀਦ ਹੋ ਗਏ ਤੇ ਕੁਝ ਬੱਚ ਕੇ ਗੁ: ਟਿੱਬੀ ਸਾਹਬ ਪਹੁੰਚ ਗਏ। ਇਹ ਗੁ: ਗੰਗਸਰ ਸਾਹਬ ਦੇ ਬਿਲਕੁਲ ਨਜ਼ਦੀਕ ਹੈ।
ਬਾਕੀ ਬਚੇ ਹੋਏ ਸਿੰਘਾਂ ਤੇ ਅੰਗਰੇਜ਼ ਹਕੂਮਤ ਨੇ ਕਹਿਰ ਢਾਹਿਆ ਤੇ ਬਿਨ੍ਹਾਂ ਮੁਕੱਦਮਾ ਚਲਾਏ ਦੋ-ਦੋ ਮਹੀਨੇ ਕੈਦ ਵਿੱਚ ਰੱਖਿਆ। ਡਾ: ਕਿਚਲੂ ਤੇ ਗਿਡਵਾਨੀ ਨਾਲ ਵੀ ਬਹੁਤ ਬੁਰਾ ਸਲੂਕ ਕੀਤਾ ਗਿਆ ਤੇ ਇਹਨਾਂ ਨੂੰ ਵੀ ਦੋ ਮਹੀਨੇ ਕੈਦ ਵਿੱਚ ਰੱਖਿਆ ਗਿਆ। ਇੰਨ੍ਹਾਂ ਸ਼ਹੀਦੀਆਂ ਪਿੱਛੋਂ ਪੰਜ ਪੰਜ ਸੌ ਦੇ ਸ਼ਹੀਦੀ ਜਥੇ ਜੈਤੋ ਪਹੁੰਚੇ। ਅੰਤ ਹਾਰ ਕੇ ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਜੈਤੋ ਵਿਖੇ ਸ਼੍ਰੀ ਅਖੰਡ ਪਾਠ ਸਾਹਬ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਇਹ ਮੋਰਚਾ ਫਤਿਹ ਹੋਇਆ।
ਜੈਤੋ ਦਾ ਮੋਰਚਾ


