ਸ਼ਾਹਕੋਟ, 15 ਫਰਵਰੀ (ਸੁਰਿੰਦਰ ਸਿੰਘ ਪਦਮ)- ਮਲਸੀਆਂ -ਨਕੋਦਰ ਮੇਨ ਸੜਕ ਉੱਪਰ ਅੱਜ ਸਵੇਰੇ ਸਕੂਲੀ ਬੱਸ ਅਤੇ ਟਾਟਾ 407 ਦੀ ਹੋਈ ਭਿਆਂਨਕ ਟੱਕਰ ਵਿਚ 6 ਸਕੂਲੀ ਵਿਦਿਆਰਥੀ ਅਤੇ 4 (ਵੇਟਰ) ਹੋਰ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਟੇਟ ਪਬਲਿਕ ਸਕੂਲ ਨਕੋਦਰ ਦੀ ਬੱਸ ਜਿਸ ਨੂੰ ਬੂਟਾ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚੱਕ ਚੇਲਾ ਪਿੰਡਾਂ ਵਿੱਚੋਂ ਬੱਚਿਆ ਨੂੰ ਲੈ ਕੇ ਨਕੋਦਰ ਵੱਲ ਨੂੰ ਜਾ ਰਿਹਾ ਸੀ। ਇਸੇ ਤਰ੍ਹਾਂ ਹੀ ਸਾਹਮਣੇ ਤੋ ਆ ਰਹੀ ਟਾਟਾ 407 ਜਿਸ ਨੂੰ ਰਣਜੀਤ ਸਿੰਘ ਵਾਸੀ ਲੁਹਾਰਾ ਚਲਾ ਰਿਹਾ ਸੀ। ਉਕਤ ਟਾਟਾ 407 ਵਿਚ ਪੈਲਿਸ ਵਿਚ ਕੰਮ ਕਰਨ ਵਾਲੇ ਵਿਅਕਤੀ (ਵੇਟਰ) ਸਵਾਰ ਸਨ। ਸਾਹਮਣੇ ਤੋ ਹੋਈ ਟੱਕਰ ਵਿਚ 6 ਸਕੂਲੀ ਵਿਦਿਆਰਥੀ ਅਤੇ 4 ਵੇਟਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲਿਆਦਾ ਗਿਆ। ਡਾਕਟਰਾਂ ਨੇ 2 ਬੱਚਿਆ ਨੂੰ ਮੁਢਲੀ ਸਹਾਇਤਾ ਦੇਣ ਤੋ ਬਾਅਦ ਘਰ ਭੇਜ ਦਿੱਤਾ ਅਤੇ 2 ਗੰਭੀਰ ਰੂਪ ‘ਚ ਜ਼ਖਮੀ ਸ਼ਾਹਕੋਟ ਹਸਪਤਾਲ ਵਿਖੇ ਜੇਰੇ ਇਲਾਜ ਹਨ। 2 ਵਿਦਿਆਰਥੀਆ ਅਤੇ 2 ਵੇਟਰਾਂ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ। ਜਿੰਨ੍ਹਾਂ ‘ਚ ਜਸਪਾਲ ਸਿੰਘ ਪੁੱਤਰ ਪ੍ਰਭਜੋਤ ਸਿੰਘ ਵਾਸੀ ਚੱਕ ਚੇਲਾ, ਬਿਕਰਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਲਸੀਆਂ ਅਤੇ 2 ਵੇਟਰ ਜਿੰਨਾਂ ‘ਚ ਰਮੇਸ਼ ਯਾਦਵ ਪੁੱਤਰ ਸਾਧੂ ਯਾਦਵ ਅਤੇ ਜਗਦੀਸ਼ ਪੁੱਤਰ ਯਸ਼ਰਾਜ ਦੋਵੇ ਵਾਸੀ ਉਤਰ ਪ੍ਰਦੇਸ ਸ਼ਾਮਲ ਹਨ। ਇਸ ਸਬੰਧੀ ਐਸ ਐਚ ਓ ਸ਼ਾਹਕੋਟ ਭਾਰਤ ਮਸੀਹ ਲੱਧੜ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਲੁਹਾਰਾ ਦੇ ਬਿਆਨਾ ਦੇ ਆਧਾਰ ‘ਤੇ ਬੂਟਾ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਖਿਲਾਫ 279,337,338 ਅਤੇਮ 427 ਦੀ ਧਾਰਾ ਤਹਿਤ ਮੁਕੱਦਮਾ ਨੰਬਰ 24 ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਤਫਤੀਸ ਕੀਤੀ ਜਾ ਰਹੀ ਹੈ।
ਸਕੂਲੀ ਬੱਸ ਅਤੇ ਟਾਟਾ 407 ਦੀ ਹੋਈ ਭਿਆਨਕ ਟੱਕਰ ’ਚ 10 ਗੰਭੀਰ ਰੂਪ ’ਚ ਜ਼ਖਮੀ



