ਚੰਡੀਗੜ੍ਹ, 18 ਅਗਸਤ (ਪੀ. ਟੀ.)-ਪੰਜਾਬ ਕਾਡਰ ਦੇ 2003 ਬੈਚ ਦੇ ਆਈਪੀਐਸ ਅਫਸਰ ਸੁਖਚੈਨ ਸਿੰਘ ਗਿੱਲ ਦਾ ਚੰਡੀਗੜ੍ਹ ਦਾ ਨਵਾਂ ਐਸ. ਐਸ. ਪੀ. ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਗਿੱਲ ਮੌਜੂਦਾ ਐਸ. ਐਸ. ਪੀ. ਨੌਨਿਹਾਲ ਸਿੰਘ ਦੀ ਜਗ੍ਹਾ ਲੈਣਗੇ। ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਯੂ. ਟੀ. ਪ੍ਰਸ਼ਾਸਨ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਰ ਦਿਤੀ ਗਈ ਹੈ।
ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੇ ਪਿਛਲੇ ਮਹੀਨੇ ਚੰਡੀਗੜ੍ਹ ਦਾ ਨਵਾਂ ਐਸ ਐਸ ਪੀ ਲਾਉਣ ਲਈ ਪੰਜਾਬ ਸਰਕਾਰ ਵਲੋਂ ਭੇਜੇ ਪੈਨਲ ਚੋ ਗਿੱਲ ਦੇ ਨਾਂ ਨੂੰ ਹਰੀ ਝਡੀ ਦੇ ਦਿਤੀ ਹੈ। ਜੇ ਕੇਂਦਰੀ ਮੰਤਰਾਲੇ ਨੇ ਉਨ੍ਹਾਂ ਦੀ ਫਾਈਲ ਕਲੀਅਰ ਕਰ ਦਿਤੀ ਤਾਂ ਨੌਨਿਹਾਲ ਸਿੰਘ ਦੇ 13 ਸਤੰਬਰ ਨੂੰ ਖਤਮ ਹੋ ਰਹੇ ਕਾਰਜਕਾਲ ਵਾਲੇ ਦਿਨ ਚੰਡੀਗੜ੍ਹ ਦੇ ਨਵੇਂ ਐਸ. ਐਸ. ਪੀ. ਵਜੋਂ ਅਹੁਦਾ ਸੰਭਾਲ ਲੈਣਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਚੰਡੀਗੜ੍ਹ ਦਾ ਨਵਾਂ ਐਸ ਐਸ ਪੀ ਲਾਉਣ ਲਈ ਸੁਰਿੰਦਰ ਕੁਮਾਰ ਕਾਲੀਆ, ਤੁਲਸੀ ਰਾਮ ਦਾ ਨਾਂ ਵੀ ਭੇਜਿਆ ਸੀ ਪਰ ਯੂਟੀ ਪ੍ਰਸ਼ਾਸਨ ਨੇ ਗਿੱਲ ਦੇ ਨਾਂ ਨੂੰ ਆਪਣੀ ਮਨਜੂਰੀ ਦੇ ਦਿਤੀ ਹੈ। ਸੂਤਰਾਂ ਅਨੁਸਾਰ ਕੇਂਦਰੀ ਮੰਤਰਾਲੇ ਵਲੋਂ ਵੀ ਉਨ੍ਹਾਂ ਦੇ ਨਾਂ ਨੂੰ ਪ੍ਰਵਾਨਗੀ ਦੇਣਾ ਹੁਣ ਰਸਮੀ ਕਾਰਵਾਈ ਹੀ ਮੰਨਿਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਚੰਡੀਗੜ੍ਹ ਦਾ ਐਸ ਐਸ ਪੀ ਬਣਨਾ ਤੈਅ ਹੈ। ਗਿਲ ਇਸ ਵੇਲੇ ਹੋਸ਼ਿਆਰਪੁਰ ਜਿਲ੍ਹੇ ਦੇ ਐਸ ਐਸ ਪੀ ਹਨ।



