ਅੰਮ੍ਰਿਤਸਰ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਲੰਡਨ ਦੀ ਕਾਵੈਂਟਰੀ ਸਿਟੀ ਸੈਂਟਰ ਦੇ ਨੇੜੇ ਟ੍ਰਿਨਟੀ ਸਟਰੀਟ ‘ਚ ਵਾਪਰੀ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਗੋਰੀ ਬਰਤਾਨਵੀ ਲੜਕੀ ਵੱਲੋਂ ਇੱਕ 80 ਸਾਲਾ ਬਜ਼ੁਰਗ ਨੂੰ ਧੱਕਾ ਦੇ ਕੇ ਸੁੱਟਿਆ ਗਿਆ, ਉਸਦੇ ਮੂੰਹ ਤੇ ਥੁੱਕਿਆ ਗਿਆ ਤੇ ਇਸ ਧੱਕਾਮੁੱਕੀ ‘ਚ ਉਸ ਦੀ ਦਸਤਾਰ ਵੀ ਉੱਤਰ ਗਈ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਆਏ ਦਿਨ ਹੀ ਇਹ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ ਜੋ ਵਿਦੇਸ਼ਾਂ ‘ਚ ਬੈਠੇ ਸਿੱਖ ਭਾਈਚਾਰੇ ਨਾਲ ਨਸਲਵਾਦ ਦੇ ਵਿਤਕਰੇ ਦਾ ਸਬੂਤ ਦੇਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛੇ ਜਿਹੇ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੈਂਕੜੇ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰਕੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ 20 ਤੋਂ ਜਿਆਦਾ ਲੋਕਾਂ ਨੂੰ ਜ਼ਖਮੀ ਕਰਕੇ ਬੰਧਕ ਬਣਾਇਆ ਗਿਆ। ਇਸੇ ਤਰ੍ਹਾਂ ਕੈਲੇਫੋਰਨੀਆ ਦੇ ਸ਼ਹਿਰ ਫਰੈਂਸਕੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਕੇ ਬਾਹਰ ਆ ਰਹੇ 82 ਸਾਲਾ ਸ.ਪਿਆਰਾ ਸਿੰਘ ਉਪਰ ਇੱਕ ਗਿਲਬਰਟ ਗਾਰਸੀਆ ਨਾਮ ਦੇ ਗੋਰੇ ਵਿਅਕਤੀ ਵੱਲੋਂ ਨਸਲੀ ਭੇਦ-ਭਾਵ ਤਹਿਤ ਹਮਲਾ ਕੀਤਾ ਗਿਆ ਤੇ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ‘ਚ ਹੀ ਸਿੱਖ ਡਰਾਈਵਰ ਸ.ਸਲਵਿੰਦਰ ਸਿੰਘ ਤੇ ਇੱਕ ਗੋਰੇ ਵਿਅਕਤੀ ਵੱਲੋਂ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਸਿੱਖ ਕੌਮ ਅੱਜ ਨਾ ਤਾਂ ਆਪਣੇ ਮੁਲਕ ਵਿੱਚ ਹੀ ਸੁਰੱਖਿਅਤ ਹੈ ਤੇ ਨਾ ਹੀ ਬਾਹਰਲੇ ਮੁਲਕਾਂ ਵਿੱਚ। ਉਨ੍ਹਾਂ ਕਿਹਾ ਕਿ ਅਗਰ ਇਸ ਨਸਲਵਾਦੀ ਜ਼ਹਿਰ ਨੂੰ ਜਲਦੀ ਖਤਮ ਨਾ ਕੀਤਾ ਗਿਆ ਤਾਂ ਭਵਿਖ ਵਿੱਚ ਇਹ ਘਟਨਾਵਾਂ ਕੋਈ ਵੀ ਘਿਨਾਉਣਾ ਰੂਪ ਅਖ਼ਤਿਆਰ ਕਰ ਸਕਦੀਆਂ ਹਨ। ਇਸ ਲਈ ਮੇਰੀ ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਹੈ ਕਿ ਉਹ ਉਚੇਚੇ ਤੌਰ ਤੇ ਇਸ ਵੱਲ ਧਿਆਨ ਦੇਣ ਤੇ ਲੰਡਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲ ਕਦਮੀ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਸ਼-ਵਿਦੇਸ਼ ਦੇ ਸਿੱਖਾਂ ਨੂੰ ਵੀ ਉਥੋਂ ਦੀਆਂ ਸਰਕਾਰਾਂ ਤੇ ਬਸ਼ਿਦਿਆਂ ਵਿੱਚ ਸਿੱਖ ਕੌਮ ਬਾਰੇ ਪਾਈ ਜਾਣ ਵਾਲੀ ਨਫ਼ਰਤ ਨੂੰ ਖ਼ਤਮ ਕਰਨ ਅਤੇ ਆਪਣੇ ਹੀ ਭਰਾਵਾਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਚਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਉਸ ਗੋਰੇ ਬ੍ਰਿਟਿਸ਼ ਨੌਜਵਾਨ ਦਾ ਧੰਨਵਾਦ ਵੀ ਕੀਤਾ ਜਿਸ ਨੇ ਇਨਸਾਨੀਅਤ ਦਾ ਸਬੂਤ ਦੇਂਦੇ ਹੋਏ ਉਸ ਲੜਕੀ ਤੇ ਉਸਦੇ ਸਾਥੀਆਂ ਤੋਂ ਬਜ਼ੁਰਗ ਵਿਅਕਤੀ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਭਾਵੇਂ ਕਿ ਉਥੋਂ ਦੀ ਪੁਲੀਸ ਨੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਬਾਰ-ਬਾਰ ਹੋਣ ਵਾਲੀਆਂ ਐਸੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।
ਨਸਲਵਾਦੀ ਹਮਲਿਆਂ ਦਾ ਜ਼ਹਿਰ ਖ਼ਤਮ ਹੋਣਾ ਚਾਹੀਦਾ ਹੈ : ਜਥੇ. ਅਵਤਾਰ ਸਿੰਘ



