Skip to content
Independent perspectives. Global stories.
BREAKING

ਸ਼ਰਾਬ ਮਾਫੀਆ ਵੱਲੋਂ ਹੁਣ ਸਾਬਕਾ ਫੌਜੀ ਦਾ ਕਤਲ

Share this story

image ਮੋਗਾ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਮੋਗਾ ਜ਼ਿਲੇ ਦੇ ਪਿੰਡ ਚੀਦਾ ’ਚ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਪਿੰਡ ਦੇ ਹੀ ਇਕ ਸਾਬਕਾ ਫੌਜੀ ਬੇਅੰਤ ਸਿੰਘ (34) ਨੂੰ ਮਾਰਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।ਇਸ ਘਟਨਾ ਨੂੰ ਲੈ ਕੇ ਪਿੰਡ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਣ ’ਤੇ ਡੀ. ਐੱਸ. ਪੀ. ਬਾਘਾਪੁਰਾਣਾ ਜਸਪਾਲ ਸਿੰਘ ਅਤੇ ਸਮਾਲਸਰ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਹਿਤ ਉਥੇ ਪੁੱੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਲੋਕਾਂ ਤੋਂ ਪੁੱਛ-ਗਿੱਛ ਕੀਤੀ।ਐਕਸਾਈਜ਼ ਵਿਭਾਗ ਵਲੋਂ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰਕੇ ਰੱਖਿਆ ਹੋਇਆ ਹੈ ਪਰ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਕਥਿਤ ਤੌਰ ਤੇ ਆਪਣੀ ਪ੍ਰਾਈਵੇਟ ਗੱਡੀ ’ਚ ਸ਼ਰਾਬ ਰੱਖ ਕੇ ਵਿੱਕਰੀ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਸਾਬਕਾ ਫੌਜੀ ਬੇਅੰਤ ਸਿੰਘ ਪੁੱਤਰ ਜਰਨੈਲ ਸਿੰਘ ਸ਼ਰਾਬ ਲੈਣ ਗਿਆ ਸੀ ਤਾਂ ਸ਼ਰਾਬ ਦਾ ਠੇਕਾ ਬੰਦ ਸੀ। ਉਸ ਨੇ ਦੇਖਿਆ ਕਿ ਕੁੱਝ ਵਿਅਕਤੀ ਇਕ ਗੱਡੀ ’ਚ ਸ਼ਰਾਬ ਰੱਖ ਕੇ ਵਿੱਕਰੀ ਕਰ ਰਹੇ ਹਨ। ਜਦੋਂ ਉਸ ਨੇ ਉਨ੍ਹਾਂ ਨੂੰ ਸ਼ਰਾਬ ਦੇਣ ਦੇ ਲਈ ਕਿਹਾ ਤਾਂ ਕਰਿੰਦਿਆਂ ਨੇ ਉਸ ਨੂੰ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ’ਚ ਤਕਰਾਰ ਹੋ ਗਿਆ ਅਤੇ ਕਰਿੰਦਿਆਂ ਨੇ ਉਸ ’ਤੇ ਹਮਲਾ ਕਰਕੇ ਬੇਰਹਿਮੀ ਨਾਲ ਮਾਰਕੁੱਟ ਕਰਨ ਦੇ ਬਾਅਦ ਆਪਣੀ ਗੱਡੀ ’ਚ ਪਾ ਲਿਆ ਪਰ ਰੌਲਾ ਸੁਣ ਕੇ ਦਾਣਾ ਮੰਡੀ ਅਤੇ ਪੈਟਰੋਲ ਪੰਪ ’ਤੇ ਖੜ੍ਹੇ ਲੋਕਾਂ ਨੇ ਬੇਅੰਤ ਸਿੰਘ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਛੁਡਵਾਇਆ, ਜਿਸ ’ਤੇ ਕਰਿੰਦੇ ਉਥੋਂ ਗੱਡੀ ਲੈ ਕੇ ਫਰਾਰ ਹੋ ਗਏ। ਉੱਥੇ ਮੌਜੂਦ ਠੱਠੀ ਭਾਈ ਵਾਸੀ ਬੰਟੀ, ਜੋ ਹੇਅਰ ਡਰੈੱਸਰ ਦਾ ਕੰਮ ਕਰਦਾ ਹੈ, ਨੇ ਕੁੱਝ ਲੋਕਾਂ ਦੀ ਸਹਾਇਤਾ ਨਾਲ ਬੇਅੰਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ’ਚ ਉਸ ਦੇ ਘਰ ਪਹੁੰਚਾਇਆ।ਘਰ ’ਚ ਬਜ਼ੁਰਗ ਪਿਤਾ ਅਤੇ ਇਕੱਲੀ ਪਤਨੀ ਹੋਣ ਕਾਰਨ ਉਸ ਨੂੰ ਇਲਾਜ ਲਈ ਕਿਤੇ ਨਹੀਂ ਲਿਜਾਇਆ ਜਾ ਸਕਿਆ ਅਤੇ ਘਰ ’ਚ ਹੀ ਉਸ ਦਾ ਇਲਾਜ ਕਰਨ ਲੱਗੇ। ਇਸ ਦੌਰਾਨ ਬੇਅੰਤ ਸਿੰਘ ਨੇ ਦਮ ਤੋੜ ਦਿੱਤਾ।

WRITTEN BY