ਜਲੰਧਰ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਅਖੰਡ ਅਕਾਲੀ ਦਲ ਦੀ ਇਕੱਤੀ ਮੈਂਬਰੀ ਮਹਾਂਪੰਚਾਇਤ ਅਤੇ ਅਕਾਲੀ ਵਰਕਰਾਂ ਦੀ ਪਲੇਠੀ ਇਕੱਤਰਤਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਲੰਧਰ ਵਿਖੇ ਸਰਦਾਰ ਰਵੀਇੰਦਰ ਸਿੰਘ ਦੀ ਪ੍ਰਧਾਨਗੀ ਅਤੇ ਜਥੇ: ਨੰਦਗੜ੍ਹ ਦੀ ਸਰਪਰਸਤੀ ਹੇਠ ਹੋਣ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਸ. ਰਵੀਇੰਦਰ ਸਿੰਘ ਨੇ ਕਿਹਾ ਕਿ ਸਿੱਖ ਕਤਲਿਆਮ ਨੂੰ ਭੁਲਾ ਕੇ ਪੰਜਾਬ ਦੇ ਸੂਬੇਦਾਰ ਅਤੇ ਦਿੱਲੀ ਦੇ ਹੁਕਮਰਾਨਾਂ ਨੇ ਜਸ਼ਨ ਮਨਾ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਪੰਜਾਬੀ ਬੋਲਦੇ ਇਲਾਕਿਆਂ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਮਿਲਣ ਤੋਂ ਬਿਨ੍ਹਾਂ ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਦੇ ਜਸ਼ਨ ਮਨਾਉਣਾ ਪਰਕਾਸ਼ ਸਿੰਘ ਦੀ ਨਾਲਾਇਕੀ ਅਤੇ ਬੇਵਕੂਫੀ ਤੋਂ ਬਿਨ੍ਹਾਂ ਕੁਝ ਨਜ਼ਰ ਨਹੀਂ ਆਉਂਦਾ। ਉਹਨਾ ਕਿਹਾ ਕਿ 01 ਨਵੰਬਰ ਵਾਲੇ ਦਿਨ ਸਾਰੇ ਸਿੱਖਾਂ ਨੂੰ ਖਾਸ ਕਰਕੇ ਪੰਜਾਬ ਦੇ ਸਿੱਖਾਂ ਨੂੰ ਰੋਸ ਵਜੋਂ ਮਨਾਉਣਾ ਚਾਹੀਦਾ ਸੀ ਕਿਉਂਕਿ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਇਸ ਦਿਨ ਦਿੱਲੀ, ਕਾਹਨਪੁਰ, ਲਖਨਉ ਤੇ ਬੇਕਾਰੋ ਵਰਗੇ ਸ਼ਹਿਰਾਂ ਵਿਚ ਤੇ ਸੂਬਿਆਂ ਵਿਚ ਹਜਾਰਾਂ ਸਿੱਖਾਂ ਨੂੰ ਜਿੰਦਾ ਸਾੜ ਦਿੱਤਾ ਗਿਆ, ਸਿੱਖਾਂ ਦੇ ਘਰਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ , ਧੀਆਂ ਭੇਣਾ ਦੀ ਬੇਪਤੀ ਕੀਤੀ ਗਈ ਪਰ ਹਿੰਦੂਸਤਾਨ ਦੇ ਹੁਕਮਰਾਨ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਹਜਾਰਾਂ ਔਰਤਾਂ ਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਜੋ ਕਿ ਅੱਜ ਵੀ ਸੰਤਾਪ ਭੋਗ ਰਹੀਆਂ ਹਨ। ਪੰਜਾਬ ਦਾ ਸੂਬੇਦਾਰ ਬਾਦਲ ਦਿੱਲੀ ਦੇ ਹੁਕਮਰਾਨਾਂ ਨਾਲ ਰਲ ਕੇ ਇਸ ਤਰ੍ਹਾਂ ਦੇ ਜਸ਼ਨ ਮਨਾ ਰਿਹਾ ਹੈ ਪਰ ਉਹਨੂੰ ਇਹ ਨਹੀ ਪਤਾ ਕਿ ਉਹ ਪੰਜਾਬੀਆਂ ਤੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ। ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਸਿੱਖ ਕਤਲੇਆਮ ਨੂੰ ਭੁਲਾ ਕੇ ਪੰਜਾਬ ਵਿਚ ਜਸ਼ਨ ਮਨਾ ਕੇ ਸੂਬੇ ਦਾ ਚੌਧਰੀ ਦਿੱਲੀ ਦੇ ਹੁਕਮਰਾਨਾਂ ਨੂੰ ਸਨਮਾਨਤ ਕਰ ਰਿਹਾ ਹੈ। ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਗਲਿਆਰਾ ਪ੍ਰੋਜੈਕਟ ਦੇ ਸਰਕਾਰੀ ਸਮਾਗਮ ਵਿਚ ਸ਼ਾਮਲ ਹੋ ਕੇ ਪਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਲਈ ਸਟੇਜ ਤੇ ਸੰਗਤਾਂ ਸਾਹਮਣੇ ਹਾੜੇ ਕੱਢਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਦਰਬਾਰ ਸਾਹਿਬ ਗਲਿਆਰਾ ਪ੍ਰੋਜੈਕਟ ਲਈ ਸਾਰਾ ਪੈਸਾ ਤਾਂ ਸ੍ਰ: ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਹੀ ਸੈਂਟਰ ਸਰਕਾਰ ਵੱਲੋਂ ਕਈ ਸਾਲ ਪਹਿਲਾਂ ਹੀ ਦੇ ਦਿੱਤਾ ਗਿਆ ਸੀ।
ਸਿੱਖ ਕਤਲੇਆਮ ਨੂੰ ਭੁਲਾ ਕੇ ਜਸ਼ਨ ਮਨਾਉਣਾ ਪੰਜਾਬੀਆਂ ਦੇ ਜਖ਼ਮਾਂ ’ਤੇ ਲੂਣ ਛਿੜਕਣਾ : ਸ. ਰਵੀਇੰਦਰ ਸਿੰਘ



