Skip to content
Independent perspectives. Global stories.
BREAKING

ਕਾਂਗਰਸ ਨੇ ਨਹੀਂ ਤਾਂ ਕਿਸ ਨੇ ਕਰਾਇਆ ’84 ਦਾ ਸਿੱਖ ਕਤਲੇਆਮ : ਬੀਬੀ ਜਗਦੀਸ਼ ਕੌਰ

Share this story

image ਚੰਡੀਗੜ੍ਹ, 3 ਨਵੰਬਰ (ਪੀ. ਟੀ.)- ਨਵੰਬਰ 1984 ਦੇ ਦਿੱਲੀ ਸਿੱਖ ਨਸਲਕੁਸ਼ੀ ਦੀ ਅਹਿਮ ਗਵਾਹ ਜਗਦੀਸ਼ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ‘ਨਵੰਬਰ 1984 ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਜ਼ਿੰਮੇਵਾਰ ਨਹੀਂ। ਜਗਦੀਸ਼ ਕੌਰ ਨੇ ਕੈਪਟਨ ਨੂੰ ਸਵਾਲ ਕੀਤਾ ਹੈ ਕਿ ‘ਜੇਕਰ ਕਾਂਗਰਸ ਨੇ ਕਤਲੇਆਮ ਨਹੀਂ ਕਰਵਾਇਆ ਤਾਂ ਕੈਪਟਨ ਸਮੇਤ ਹੁਣ ਤੱਕ ਕਾਂਗਰਸ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਤੇ ਉਨ੍ਹਾਂ ਦੇ ਆਗੂ ਕਤਲੇਆਮ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਲਈ ਅੱਗੇ ਕਿਉਂ ਨਹੀ ਆਏ ? ਬੀਬੀ ਜਗਦੀਸ਼ ਕੌਰ ਪਾਲਮ ਕਲੋਨੀ ਕਤਲ ਕਾਂਡ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਚੱਲ ਰਹੇ ਅਦਾਲਤੀ ਮਾਮਲੇ ਦੀ ਮੁਦੱਈ ਹੈ। ਜਗਦੀਸ਼ ਕੌਰ ਨੇ ਦੱਸਿਆ ਕਿ ਉਹ ਖੁਦ ਅਜ਼ਾਦੀ ਘੁਲਾਟੀਏ ਦੀ ਧੀ ਹੈ। ਉਹ ਸਪੱਸ਼ਟ ਕਰਨਾ ਚਾਹੁੰਦੀ ਕਿ ਉਸ ਨੇ 1984 ਦੇ ਸਿੱਖ ਕਤਲੇਆਮ ਵੇਲੇ ਕਾਂਗਰਸ ਦਾ ਕਰੂਰ ਚਿਹਰਾ ਆਪਣੇ ਅੱਖੀਂ ਵੇਖਿਆ ਹੈ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ ਤੇ ਨਰਸਿੰਮਹਾ ਰਾਉ ਤਤਕਾਲੀ ਗ੍ਰਹਿ ਮੰਤਰੀ। ਉਨ੍ਹਾਂ ਜ਼ਾਲਮ ਦਿਨਾਂ ਨੂੰ ਯਾਦ ਕਰਦਿਆਂ ਜਗਦੀਸ਼ ਕੌਰ ਨੇ ਦੱਸਿਆ ਕਿ ਕਾਂਗਰਸੀ ਲੀਡਰਾਂ ਦੀ ਅਗਵਾਈ ਵਾਲੇ ਕਾਤਲਾਂ ਤੇ ਲੁਟੇਰਿਆਂ ਨੇ ਪੁਲਿਸ ਦੀ ਸਰਪ੍ਰਸਤੀ ਹੇਠ 31 ਅਕਤੂਬਰ ਦੀ ਦੇਰ ਸ਼ਾਮ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
ਇੱਕ ਨਵੰਬਰ ਦੀ ਦੁਪਹਿਰ ਡੇਢ ਵਜੇ ਦੇ ਕਰੀਬ ਹਜ਼ੂਮ ਨੇ ਘਰ ਦੇ ਡਰਾਇੰਗ ਰੂਮ ਵਿੱਚ ਬੈਠੇ ਉਸ ਦੇ ਪਤੀ ਨੂੰ ਕਤਲ ਕਰ ਦਿੱਤਾ ਸੀ। ਜਾਨ ਬਚਾ ਕੇ ਭੱਜ ਰਹੇ ਉਸ ਦੇ ਪੁੱਤਰ ਨੂੰ ਭਰੇ ਬਾਜ਼ਾਰ ਵਿੱਚ ਖਤਮ ਕਰ ਦਿੱਤਾ ਸੀ। ਦੋ ਨਵੰਬਰ ਦੀ ਸਵੇਰ 8-9 ਵਜੇ ਦੇ ਕਰੀਬ ਘਰ ਦੀ ਛੱਤ ‘ਤੇ ਲੁਕੇ ਉਸ ਦੇ ਤਿੰਨ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਜਗਦੀਸ਼ ਕੌਰ ਨੇ ਸਾਫ ਕਰਦਿਆਂ ਕਿਹਾ ਕਿ ਉਹ ਪਿਛਲੇ 32 ਸਾਲ ਤੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਜਦੋਜਹਿਦ ਕਰ ਰਹੀ ਹੈ ਪਰ ਕੈਪਟਨ ਤੇ ਉਸ ਵਰਗੇ ਅਨੇਕਾਂ ਬੇਗੈਰਤ ਕਾਂਗਰਸੀ ਸੱਜਣ ਕੁਮਾਰ ਨੂੰ ਬਾਇੱਜ਼ਤ ਬਰੀ ਕਰਾਉਣ ਲਈ ਪੱਬਾਂ ਭਾਰ ਫਿਰ ਰਹੇ ਹਨ। ਜਗਦੀਸ਼ ਕੌਰ ਨੇ ਕੈਪਟਨ ਅਮਰਿੰਦਰ ਤੱਕ ਸੁਨੇਹਾ ਪਹੁੰਚਾਉਂਦਿਆਂ ਕਿਹਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਕੋਈ ਸ਼ੱਕ ਹੈ ਤਾਂ ਉਹ ਆ ਕੇ ਮਿਲ ਲਵੇ, ਸਭ ਕੁਝ ਵਿਸਥਾਰ ਸਹਿਤ ਦੱਸਾਂਗੀ।

WRITTEN BY