ਸੰਗਰੂਰ, 28 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਬੇਸ਼ਕ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਪਟਾਖੇ ਚਲਾਉਣ ਅਤੇ ਵੇਚਣ ’ਤੇ ਪੂਰਣ ਤੌਰ ’ਤੇ ਪਾਬੰਦੀ ਲਗਾਈ ਹੈ ਪਰ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਐਸ.ਡੀ.ਐਮ ਸੰਗਰੂਰ ਨੇ ਜਾਂ ਮੁਕਾਮੀ ਪੁਲਿਸ ਨੇ ਨਹੀਂ ਕੀਤੀ, ਜਿਸ ਕਰਕੇ ਈਮੇਲ ਰਾਹੀਂ ਇੱਕ ਸ਼ਿਕਾਇਤ ਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਗ੍ਰਹਿ ਅਤੇ ਨਿਆ ਵਿਭਾਗ ਪੰਜਾਬ, ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਅਡੀਸ਼ਨ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਭੇਜੀ ਗਈ ਹੈ। ਪਿਛਲੇ ਕਈ ਸਾਲਾਂ ਤੋਂ ਪਟਾਖਿਆਂ ਦੇ ਵਪਾਰੀਆਂ ਨਾਲ ਪ੍ਰਸ਼ਾਸਨ ਸੌਦੇਬਾਰੀ ਕਰਦਾ ਆ ਰਿਹਾ ਹੈ ਅਤੇ ਲੱਖਾਂ ਰੁਪਏ ਉਨ੍ਹਾਂ ਵਪਾਰੀਆਂ ਤੋਂ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਰਹੇ ਹਨ ਪਰ ਇਸ ਵਾਰੀ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਦੀ ਵਕਾਲਤ ਕੀਤੀ ਅਤੇ ਪ੍ਰਸ਼ਾਸ਼ਨ ਨੂੰ ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰਨ ਦੇ ਸਬੰਧ ਵਿੱਚ ਈਮੇਲ ਰਾਹੀਂ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਸੂਚਨਾ ਭੇਜੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਪਰ ਅਮਲ ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਐਸ.ਡੀ.ਐਮ ਸੰਗਰੂਰ ਅਤੇ ਮੁਕਾਮੀ ਪੁਲਿਸ ਨੇ ਲਾਗੂ ਨਹੀਂ ਕੀਤੇ।ਸ਼ਾਹੀ ਸਮਾਧਾਂ ਗੁਰਦੁਆਰੇ ਦੇ ਬਿਲਕੁਲ ਨਾਲ ਮਨਸਾ ਦੇਵੀ ਮੰਦਰ ਦੇ ਨਾਲ, ਸ਼੍ਰੀ ਬਾਂਕੇ ਬਿਹਾਰੀ ਮੰਦਰ ਪ੍ਰੇਮ ਸਭਾ ਸਰਕਾਰੀ ਹਾਈ ਸਕੂਲ ਦੇ ਬਿਲਕੁਲ ਨਜਦੀਕ ਪਟਾਖੇ ਵੇਚਣ ਦੀਆਂ ਦੁਕਾਨਾ ਲੱਗੀਆਂ ਹੋਈਆਂ ਹਨ, ਜਦੋਂ ਕਿ ਸੁਪਰੀਮ ਕੋਰਟ ਨੇ ਧਾਰਮਿਕ ਸਥਾਨਾਂ ਅਤੇ ਸਕੂਲਾਂ ਦੇ ਨਜਦੀਕ ਪਟਾਖੇ ਵੇਚਣ ’ਤੇ ਬਿਲਕੁਲ ਪਾਬੰਦੀ ਲਗਾਈ ਹੋਈ ਹੈ।
ਪ੍ਰਸ਼ਾਸਨ ਕੋਲ ਕੋਈ ਅਜਿਹਾ ਯੰਤਰ ਨਹੀਂ ਹੈ ਜਿਸ ਨਾਲ ਪਟਾਖਿਆਂ ਦਾ ਸ਼ੋਰ ਅਤੇ ਪਟਾਖਿਆਂ ਵਿੱਚੋਂ ਨਿਕਲ ਰਿਹਾ ਜ਼ਹਿਰੀਲਾਂ ਧੂੰਏ ਨੂੰ ਮਾਪਿਆ ਜਾ ਸਕੇ ਪ੍ਰੰਤੂ ਸ਼੍ਰੀਮਤੀ ਪੂਨਮਦੀਪ ਕੌਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆਂ ਵੱਲੋਂ ਅਵਾਜ਼ੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਅਤੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਜਨਹਿੱਤ ਦੀ ਸੁਰੱਖਿਆਂ ਨੂੰ ਧਿਆਨ ’ਚ ਰੱਖਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਅਜਿਹੇ ਪਟਾਖੇ, ਜਿਨ੍ਹਾਂ ਦੇ ਚਲਾਏ ਜਾਣ ’ਤੇ 4 ਮੀਟਰ ਦੇ ਦਾਇਰੇ ਅੰਦਰ 125 ਡੀ.ਬੀ (ਏ1) ਤੇ ਡੀ.ਬੀ (ਸੀ) ਪੀ.ਕੇ ਤੋਂ ਵੱਧ ਆਵਾਜ਼ ਅਤੇ ਧਮਕ ਪੈਦਾ ਹੁੰਦੀ ਹੋਵੇ ਅਤੇ ਪਾਬੰਦੀਸ਼ੁਦਾ ਧਮਾਕਾਖੇਜ਼ ਸਮੱਗਰੀ ਦੇ ਬਣਾਉਣ, ਵੇਚਣ, ਵਰਤਣ ਅਤੇ ਸਟੋਰ ਕਰਨ ’ਤੇ ਮੁਕੰਮਲ ਪਾਬੰਦੀ ਹੋਵੇਗੀ। ਇਹ ਪਾਬੰਦੀ ਨਿਰਧਾਰਤ ਅਵਾਜ਼ ਅਤੇ ਰੰਗ ਪੈਦਾ ਕਰਨ ਵਾਲੇ ਪਟਾਖਿਆਂ ’ਤੇ ਲਾਗੂ ਨਹੀਂ ਹੋਵੇਗੀ।
ਟਕਸਪਲੋਸਿਵ ਹਦਾਇਤਾਂ ਤਹਿਤ ਪਟਾਖਿਆਂ ਦੇ ਥੋਕ ਅਤੇ ਰਿਟੇਲਰ ਦੁਕਾਨਦਾਰ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵਿੱਚ ਦਰਖਾਸਤ ਪੇਸ਼ ਕਰਕੇ ਪਟਾਖੇ ਸਟੋਰ ਕਰਨ ਅਤੇ ਵੇਚਣ ਲਈ ਲੋੜੀਂਦਾ ਲਾਇਸੰਸ ਪ੍ਰਾਪਤ ਕਰਨਗੇ।ਲਾਇਸੰਸ ਪ੍ਰਾਪਤ ਕਰਨ ਦੇ ਬਾਵਜ਼ੂਦ ਕਿਸੇ ਵੀ ਦੁਕਾਨਦਾਰ ਵੱਲੋਂ ਮਨਜ਼ੂਰਸ਼ੁਦਾ ਪਟਾਖੇ ਦੁਕਾਨ ਤੋਂ ਬਾਹਰ ਰੱਖ ਕੇ, ਤੰਗ ਮੁਹੱਲਿਆਂ, ਗਲੀਆਂ, ਬਜ਼ਾਰਾਂ ਵਿੱਚ ਨਹੀਂ ਵੇਚੇ ਜਾਣਗੇ।ਪਟਾਖੇ ਵਿਕਰੇਤਾਵਾਂ ਵੱਲੋਂ ਸੁਰੱਖਿਅਤ ਖੁੱਲੇ ਸਥਾਨਾਂ ’ਤੇ ਟੈਂਪਰੇਰੀ ਸਟਰੱਕਚਰ (ਦੁਕਾਨਾਂ) ਤਿਆਰ ਕਰਵਾ ਕੇ ਉਨ੍ਹਾਂ ਵਿੱਚ ਹੀ ਵੇਚੇ ਜਾ ਸਕਣਗੇ। ਥੋਕ ਅਤੇ ਰਿਟੇਲਰ ਪਟਾਖੇ ਵਿਕਰੇਤਾਵਾਂ ਵੱਲੋਂ ਪਟਾਖਿਆਂ ਦੀ ਸਟੋਰਜ਼ ਅਤੇ ਡੰਪ, ਰਿਹਾਇਸ਼ੀ ਇਲਾਕਿਆਂ ਤੋਂ ਦੂਰ ਖੁੱਲੇ ਸਥਾਨ ’ਤੇ ਰੱਖਿਆ ਜਾਵੇਗਾ।
ਸਬੰਧਤ ਦੁਕਾਨਦਾਰਾਂ ਵੱਲੋਂ ਡੰਪ/ਸਟੋਰੇਜ਼ ਵਾਲੇ ਸਥਾਨਾਂ, ਪਟਾਖੇ ਵੇਚਣ ਲਈ ਟੈਂਪਰੇਰੀ ਸਟਰੱਕਚਰ ਵਾਲੇ ਸਥਾਨਾਂ ਤੇ ਅਤੇ ਪਟਾਖਿਆਂ ਦੀ ਦੁਕਾਨਾ ਵਿੱਚ ਪਾਣੀ, ਰੇਤਾ ’ਤੇ ਅੱਗ ਬੁਝਾਊ ਯੰਤਰਾਂ ਆਦਿ ਦਾ ਪ੍ਰਬੰਧ ਆਪਣੇ ਪੱਧਰ ’ਤੇ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਰਾਤ 10.00 ਵਜੇ ਤੋਂ ਸਵੇਰ 6.00 ਵਜੇ ਤੱਕ ਪਟਾਖੇ ਚਲਾਉਣ ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਮੰਤਰਾਲਾ, ਵਾਤਾਵਰਣ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਹੋਰ ਕੋਈ ਖੇਤਰਾਂ ਜਿਹੜਾ ਸਮਰੱਧ ਅਧਿਕਾਰੀ ਵੱਲੋਂ ਸਾਇਲੈਂਸ ਜ਼ੋਨ ਐਲਾਨਿਆ ਗਿਆ ਹੋਵੇ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਡਿਪੂ ਅਤੇ ਇੰਡੀਅਨ ਐਕਰੈਲਿਕ ਲਿਮਟਿਡ ਪਲਾਂਟ ਜਿਸ ਵਿੱਚ ਬਹੁਤ ਹੀ ਬਲਣਸ਼ੀਲ ਪਦਾਰਥ ਜਿਵੇਂ ਕਿ ਗੈਸ/ਪੈਟ੍ਰੋਲ/ਡੀਜ਼ਲ ਆਦਿ ਦਾ ਭੰਡਾਰ ਹੈ, ਸਥਿਤ ਹਨ ਅਤੇ ਅਜਿਹੇ ਹੋਰ ਅਹਿਮ ਪਲਾਂਟਾ ਦੇ 500 ਮੀਟਰ ਦੇ ਘੇਰੇ ਵਿੱਚ ਪਟਾਖੇ ਚਲਾਉਣ ਤੋਂ ਮੁਕੰਮਲ ਪਾਬੰਦੀ ਹੋਵੇਗੀ। ਇਹ ਹੁਕਮ 26 ਦਸੰਬਰ 2016 ਤੱਕ ਲਾਗੂ ਰਹਿਣਗੇ, ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੇ ਬਾਵਜੂਦ ਸੰਗਰੂਰ ’ਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਖੁੱਲ੍ਹੇਆਮ ਉਲੰਘਣਾ



