Skip to content
Independent perspectives. Global stories.
BREAKING

ਐਫ.ਸੀ.ਆਈ. ਵਰਕਰਾਂ ਉਪਰ ਲਾਠੀਚਾਰਜ

Share this story

image ਗੁਰੂਹਰਸਹਾਏ, 26 ਅਕਤੂਬਰ (ਮਹਿੰਦਰ ਥਿੰਦ)- ਮਾਲਗੱਡੀ ਭਰਨ ਅਤੇ ਆਪਣਾ ਹੱਕ ਮੰਗਣ ਆਏ ਗੁਰੂਹਰਸਹਾਏ ਦੇ ਐਫ.ਸੀ.ਆਈ. ਯੂਨੀਅਨ ਵਰਕਰਾਂ ਉਪਰ ਤੜਕ ਸਾਰ ਹੀ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਗ੍ਰਿਫਤਾਰ ਕਰਕੇ ਥਾਣੇ ਡੱਕ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਰੇਲਵੇ ਸਟੇਸ਼ਨ ਗੁਰੂਹਰਸਹਾਏ ’ਤੇ ਮਾਲਗੱਡੀ ਆ ਕੇ ਰੁਕੀ ਜਿਸ ਨੂੰ ਠੇਕੇਦਾਰੀ ਸਿਸਟਮ ਨਾਲ ਭਰਾਉਣ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਉਲੀਕਿਆ ਗਿਆ ਸੀ, ਜਿਸ ਦੇ ਵਿਰੋਧ ਵਜੋਂ ਐਫ.ਸੀ.ਆਈ.ਯੂਨੀਅਨ ਵਰਕਰਾਂ ਨੇ ਵੀ ਸਵੇਰ ਤੋਂ ਹੀ ਆਪਣੇ ਪਰਿਵਾਰਾਂ ਨਾਲ ਪਲੇਟਫਾਰਮ ’ਤੇ ਡੇਰੇ ਲਗਾ ਲਏ ਅਤੇ ਠੇਕੇਦਾਰੀ ਸਿਸਟਮ ਨਾਲ ਮਾਲਗੱਡੀ ਭਰਨ ਤੋਂ ਰੋਕਿਆ ਤਾਂ ਉਥੇ ਪੁੱਜੀ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਨੇ ਲਾਠੀ ਚਾਰਜ ਕਰਦਿਆਂ ਔਰਤਾਂ ਅਤੇ ਮਰਦਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਠੇਕੇਦਾਰਾਂ ਨੂੰ ਮਾਲਗੱਡੀ ਭਰਨ ਲਈ ਕਿਹਾ ਗਿਆ ਅਤੇ ਪੁਲਿਸ ਨੇ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤਿਆਂ ਉਪਰ ਵੱਡੀ ਗਿਣਤੀ ਮੁਲਾਜ਼ਮ ਲਗਾ ਦਿੱਤਾ ਤਾਂ ਜੋ ਕੋਈ ਵੀ ਐਫ.ਸੀ.ਆਈ. ਵਰਕਰ ਉਥੇ ਨਾ ਪੁੱਜ ਸਕੇ ਅਤੇ ਬਾਕੀ ਰਹਿੰਦੇ ਵਰਕਰਾਂ ਨੂੰ ਵੀ ਪੁਲਿਸ ਵੱਲੋਂ ਖਿਡਾ ਦਿੱਤਾ ਗਿਆ। ਇਸ ਤੋਂ ਬਾਅਦ ਐਫ.ਸੀ.ਆਈ.ਵਰਕਰ ਯੂਨੀਅਨ ਨੇ ਦੁਸਹਿਰਾ ਗਰਾਉਂਡ ਵਿਚ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਾਂਤ ਮਈ ਧਰਨਾ ਦਿੱਤਾ। ਜਿਸ ਦੌਰਾਨ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਲਗਾਤਾਰ ਰੈਗੂਲਰ ਐਫ.ਸੀ.ਆਈ. ਵਿਚ ਕੰਮ ਕਰ ਰਹੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਗੁਰੂਹਰਸਹਾਏ ਅੰਦਰ ਠੇਕੇਦਾਰੀ ਸਿਸਟਮ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਫ.ਸੀ.ਆਈ.ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਲਗਾਤਾਰ ਕੰਮ  ਕਰਦੇ ਆ ਰਹੇ ਹਨ ਅਤੇ 300 ਤੋਂ ਵੱਧ ਐਫ.ਸੀ.ਆਈ.ਵਰਕਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਿਆਸੀ ਲੀਡਰਾਂ ਵੱਲੋਂ ਗੁਰੂਹਰਸਹਾਏ ਦਾ ਐਫ.ਸੀ.ਆਈ.ਮਹਿਕਮਾਂ ਅਤੇ ਲੇਬਰ ਯੂਨੀਅਨ ਦਾ ਕੰਮ ਠੇਕੇ ’ਤੇ ਦਿੱਤਾ ਜਾ ਰਿਹਾ ਹੈ ਅਤੇ ਜਿਸ ਨਾਲ ਐਫ.ਸੀ.ਆਈ. ਦੇ ਮੁਲਾਜ਼ਮਾਂ ਦੇ ਤਬਾਦਲੇ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ 50-60 ਕਿਲੋਮੀਟਰ ਦੂਰ ਭੇਜਿਆ ਜਾ ਰਿਹਾ ਹੈ, ਜਦਕਿ ਉਹ ਪਹਿਲਾਂ ਹੀ ਬਹੁਤ ਘੱਟ ਤਨਖਾਹਾਂ ਨਾਲ ਆਪਣਾ ਗੁਜਾਰਾ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਜਿੰਨ੍ਹੀ ਤਨਖਾਹ ਸਾਨੂੰ ਮਹਿਕਮੇ ਵੱਲੋਂ ਦਿੱਤੀ ਜਾਂਦੀ ਹੈ ਉਹ ਤਾਂ ਸਿਰਫ਼ ਕਿਰਾਇਆਂ ਵਿਚ ਹੀ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਸਿਸਟਮ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਕੇ ਸਾਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਐਫ.ਸੀ.ਆਈ.ਦੇ ਡੀ.ਐਮ. ਵਿਪਨ ਤਿਆਗੀ ਨੇ ਦੱਸਿਆ ਕਿ ਮਹਿਕਮੇ ਵੱਲੋਂ ਜੋ ਕੰਮ ਰੇਲਵੇ ਪਲੇਟਫਾਰਮ ’ਤੇ ਹੁੰਦਾ ਹੈ, ਉਹ ਕੰਮ ਠੇਕੇਦਾਰਾਂ ਨੂੰ ਦੇ ਦਿੱਤਾ ਹੈ, ਐਫ.ਸੀ.ਆਈ.ਵਰਕਰਾਂ ਕੋਲੋਂ ਇਸ ਕੰਮ ਨੂੰ ਕਰਵਾਉਣ ਵਿਚ ਬਹੁਤ ਜ਼ਿਆਦਾ ਖਰਚ ਭਰਨਾ ਪੈਂਦਾ ਹੈ, ਜਦਕਿ ਠੇਕੇਦਾਰਾਂ ਨੂੰ ਇਸ ਦਾ ਟੈਂਡਰ ਦੇ ਦਿੱਤਾ ਗਿਆ ਹੈ, ਜੋ ਆਪਣੀ ਸਾਰੀ ਜ਼ਿੰਮੇਵਾਰੀ ’ਤੇ ਸਟੈਕ ਲੋਢ ਕਰਵਾਉਣਗੇ। ਅਜਿਹੀ ਪੋਲਸੀ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਅੰਦਰ ਲਾਗੂ ਕਰ ਦਿੱਤੀ ਜਾਵੇ। ਇਸ ਦੌਰਾਨ ਐਫ.ਸੀ.ਆਈ.ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਕਾਂਗਰਸ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਹਮਾਇਤ ਲਈ ਪੁੱਜੇ, ਜਿੰਨ੍ਹਾਂ ਨੇ ਵਰਕਰਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਥਿੰਦ ਵੀ ਧਰਨੇ ਵਿਚ ਪੁੱਜੇ ਜਿੰਨ੍ਹਾਂ ਨੇ ਐਫ.ਸੀ.ਆਈ.ਵਰਕਰਾਂ ਨਾਲ ਹੋ ਰਹੀ ਬੇਇਨਸਾਫ਼ੀ ਦੀ ਨਿਖੇਧੀ ਕੀਤੀ।

WRITTEN BY