ਲੰਡਨ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਨਸਲੀ ਵਿਤਕਰੇ ਦੀ ਇਕ ਘਟਨਾ ‘ਚ ਸਾਰੀਆਂ ਹੱਦਾਂ-ਬੰਨੇ ਪਾਰ ਕਰਦਿਆਂ 80 ਸਾਲਾ ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਅਤੇ ਉਸ ਦੇ ਮੂੰਹ ‘ਤੇ ਥੁੱਕਣ ਵਾਲੀ ਇਕ ਗੋਰੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ 10 ਅਗਸਤ ਦੀ ਸ਼ਾਮ ਨੂੰ ਕਾਵੈਂਟਰੀ ਸਿਟੀ ਸੈਂਟਰ ਦੇ ਨੇੜੇ ਟ੍ਰਿਨਟੀ ਸਟਰੀਟ ‘ਚ ਵਾਪਰੀ, ਜਿੱਥੇ ਸੜਕ ‘ਤੇ ਜਾ ਰਹੇ ਇਕ 80 ਸਾਲ ਦੇ ਬਜ਼ੁਰਗ ਵਿਅਕਤੀ ‘ਤੇ ਇਕ ਗੋਰੀ ਕੁੜੀ ਨੇ ਹਮਲਾ ਕਰ ਦਿੱਤਾ। ਬਜ਼ੁਰਗ ਨੇ ਖੁਦ ਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਆਖਿਰਕਾਰ ਲੜਕੀ ਵਲੋਂ ਧੱਕਾ ਮਾਰੇ ਜਾਣ ‘ਤੇ ਬਜ਼ੁਰਗ ਵਿਅਕਤੀ ਜ਼ਮੀਨ ‘ਤੇ ਡਿਗ ਪਿਆ ਅਤੇ ਉਸ ਦੀ ਪਗੜੀ ਵੀ ਖੁੱਲ੍ਹ ਗਈ। ਲੜਕੀ ਨੇ ਇੱਥੇ ਹੀ ਬਸ ਨਹੀਂ ਕੀਤਾ, ਸਗੋਂ ਸਾਰੀਆਂ ਮਰਿਆਦਾਵਾਂ ਨੂੰ ਛਿੱਕੇ ਟੰਗਦਿਆਂ ਥੱਲੇ ਝੁਕ ਕੇ ਬਜ਼ੁਰਗ ਦੇ ਚਿਹਰੇ ‘ਤੇ ਥੁੱਕ ਦਿੱਤਾ। ਇਸ ਸ਼ਰਮਨਾਕ ਘਟਨਾ ਦਾ ਵੀਡੀਓ ਸੋਸ਼ਲ ਸਾਈਟਸ ‘ਤੇ ਪਾਇਆ ਜਾ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਦੁਨੀਆ ਭਰ ਦੇ ਲੋਕ ਇਸ ਕੁੜੀ ਵਲੋਂ ਕੀਤੀ ਘਟੀਆ ਹਰਕਤ ਦੀ ਜ਼ੋਰਦਾਰ ਨਿੰਦਾ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਉਹ ਲੜਕੀ ਬਜ਼ੁਰਗ ਨੂੰ ਧੱਕੇ ਅਤੇ ਠੁੱਡੇ ਮਾਰ ਰਹੀ ਸੀ ਤਾਂ ਉਸ ਵੇਲੇ ਤਿੰਨ-ਚਾਰ ਲੋਕ ਹੋਰ ਨੇੜੇ ਹੀ ਖੜੇ ਸਨ ਪਰ ਕਿਸੇ ਨੇ ਵੀ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਵੀ ਉਸੇ ਬਦਮਾਸ਼ ਗੋਰੀ ਦੇ ਸਾਥੀ ਸਨ। ਬਾਅਦ ‘ਚ ਇਕ ਹੋਰ ਬ੍ਰਿਟਿਸ਼ ਨੌਜਵਾਨ ਨੇ ਬਜ਼ੁਰਗ ਨੂੰ ਸੰਭਾਲਿਆ ਤਾਂ ਉਹ ਲੜਕੀ ਅਤੇ ਉਸ ਦੇ ਸਾਥੀ ਉੱਥੋਂ ਦੌੜ ਗਏ।


