ਬਠਿੰਡਾ, 17 ਅਗਸਤ (ਪੀ.ਟੀ.)-ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਸਾਹਿਬ ਵਾਲਿਆਂ ਨੇ ਕੈਨੇਡਾ ਦੇ ਉੱਘੇ ਸਿੱਖ ਆਗੂ ਅਤੇ ਪੱਤਰਕਾਰ ਸ. ਜਸਬੀਰ ਸਿੰਘ ਬੋਪਾਰਾਏ ਦੇ ਕਲਮ ਫਾਊਂਡੇਸ਼ਨ ਦੇ ਪ੍ਰਧਾਨ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ. ਬੋਪਾਰਾਏ ਨੂੰ ਵਧਾਈ ਸੰਦੇਸ਼ ਭੇਜਿਆ ਹੈ। ਸ. ਬੋਪਾਰਾਏ ਪੰਥਕ ਸੇਵਾ ਲਹਿਰ ਨਾਲ ਵੀ ਜੁੜੇ ਹੋਏ ਹਨ।

ਉਹ ਰੋਜ਼ਾਨਾ ਪੰਜਾਬ ਟਾਇਮਜ਼ ਜਲੰਧਰ ਦੇ ਕੈਨੇਡਾ ਤੋਂ ਵਿਸ਼ੇਸ਼ ਪ੍ਰਤੀਨਿਧ ਵਜੋਂ ਵੀ ਸੇਵਾ ਨਿਭਾ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਲਮ ਫਾਉਡੇਸ਼ਨ ਦੀ ਇੱਕ ਵਿਸ਼ੇਸ਼ ਬੈਠਕ ਵਿੱਚ ਸ. ਜਸਬੀਰ ਸਿੰਘ ਬੋਪਾਰਾਏ ਨੂੰ ਕਲਮ ਫਾਉਂਡੇਸ਼ਨ ਦਾ ਸਾਲ 2013 ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਦੇਸ਼-ਵਿਦੇਸ਼ ‘ਚੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਸੰਤ ਦਾਦੂਵਾਲ ਨੇ ਉਮੀਦ ਜਾਹਿਰ ਕੀਤੀ ਕਿ ਸ. ਬੋਪਾਰਾਏ ਇਸ ਜ਼ਿੰਮੇਵਾਰੀ ਨੂੰ ਬਹੁਤ ਲਗਨ ਅਤੇ ਮਿਹਨਤ ਨਾਲ ਸਿਰੇ ਚੜਾਉਣਗੇ। ਉਨ੍ਹਾਂ ਕਿਹਾ ਕਿ ਸ. ਬੋਪਾਰਾਏ ਵਿਸ਼ੇਸ਼ ਯੋਗਤਾਵਾਂ ਦੇ ਮਾਲਿਕ ਹਨ ਅਤੇ ਉਨ੍ਹਾਂ ਤੋਂ ਇਸ ਖੇਤਰ ਵਿੱਚ ਨਿਵੇਕਲੀ ਕਾਰਗੁਜਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਸਮੁੱਚਾ ਭਾਈਚਾਰਾ ਇਸ ਚੋਣ ਲਈ ਵਧਾਈ ਦਾ ਹੱਕਦਾਰ ਹੈ।
ਸੰਤ ਦਾਦੂਵਾਲ ਵੱਲੋਂ ਕਲਮ ਫਾਊਂਡੇਸ਼ਨ ਦੀ ਪ੍ਰਧਾਨਗੀ ਹਾਸਿਲ ਕਰਨ ‘ਤੇ ਸ. ਬੋਪਾਰਾਏ ਨੂੰ ਵਧਾਈ



