ਕਾਹਿਰਾ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਮਿਸ਼ਰ ‘ਚ ਅੱਜ ਸੁਰੱਖਿਆ ਬਲਾਂ ਅਤੇ ਗੱਦੀਓਂ ਉਤਾਰੇ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਸਮਰਥਕਾਂ ਵਿਚ ਤਾਜ਼ਾ ਸੰਘਰਸ਼ ਵਿਚ ਕਰੀਬ 80 ਲੋਕਾਂ ਦੀ ਮੌਤ ਹੋ ਗਈ ਹੈ। ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਰਸੀ ਦੇ ਸਮਰਥਕ ਸੈਨਿਕ ਸਮਰਥਕ ਸਰਕਾਰ ਦੀ ਕਾਰਵਾਈ ਵਿਚ 700 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਸਨ। ਇਥੋਂ ਦੇ ਗ੍ਰਹਿ ਮੰਤਰਾਲੇ ਨੇ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਸਰਕਾਰੀ ਇਮਾਰਤ ਵੱਲ ਵਧਣ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ਼ ਪੁਲਿਸ ਹਥਿਆਰਾਂ ਦਾ ਇਸਤੇਮਾਲ ਕਰੇਗੀ। ਮੁਸਲਿਮ ਬ੍ਰਦਰਹੁਡ ਨੇ ਇਸ ਚਿਤਾਵਨੀ ਦੀ ਪ੍ਰਵਾਹ ਨਹੀਂ ਕੀਤੀ ਅਤੇ ਸੜਕਾਂ ‘ਤੇ ਉਤਰ ਕੇ ਵਿਰੋਧ ਕੀਤਾ। ਕਾਹਿਰਾ ਇਸਲਾਮੀਆ ਦਾਮੇਤਾ ਅਲੇਕਜੇਂਡ੍ਰਿਆ ਅਤੇ ਕਈ ਹੋਰ ਥਾਵਾਂ ‘ਤੇ ਮੁਰਸੀ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪ ਹੋਈ। ਅਧਿਕਾਰਿਤ ਰੂਪ ਨਾਲ 80 ਲੋਕ ਮਾਰੇ ਗਏ, ਜਦੋਂਕਿ ਮੁਸਲਿਮ ਬ੍ਰਦਰਹੁਡ ਨੇ ਦਾਵਾ ਕੀਤਾ ਕਿ ਉਸ ਦੇ ਜ਼ਿਆਦਾ ਸਮਰਥਕ ਮਾਰੇ ਗਏ ਹਨ। ਮਿਸਰ ਦੀ ਸੈਨਾ ਨੇ ਕਾਹਿਰਾ ਅਤੇ ਹੋਰ ਸ਼ਹਿਰਾਂ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਸੀ, ਕਿਉਂਕਿ ਮੁਸਲਿਮ ਬ੍ਰਦਰਹੁਡ ਨੇ ਜੁਮੇ ਦੀ ਨਮਾਜ਼ ਤੋਂ ਬਾਅਦ 28 ਮਸਜਿਦਾਂ ਤੋਂ ਮਾਰਚ ਕੱਢਣ ਦੀ ਅਪੀਲ ਕੀਤੀ ਸੀ।


