ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ (ਦਵਿੰਦਰਪਾਲ ਸਿੰਘ)-ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਕਾਰਜ ਸਾਧਕ ਅਫਸਰ ਤੇ ਸ਼ਰੇਆਮ ਕੰਮ ਨਾ ਕਰਨ ਦੇ ਦੋਸ਼ ਲਗਾਏ। ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਿੱਟੂ ਵਾਲੀਆ ਨੇ ਕਿਹਾ ਕਿ ਪਿਛਲੇ ਕਾਫੀ ਸਮੇ ਤੋ ਕਾਰਜ ਸਾਧਕ ਅਫਸਰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀ ਕਰ ਰਿਹਾ, ਜਿਸ ਕਰਕੇ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਪਏ ਹਨ। ਬਾਰ ਬਾਰ ਕਹਿਣ ਅਤੇ ਲਿਖਤੀ ਹਿਦਾਇਤਾਂ ਦੇ ਬਾਵਜੂਦ ਉਨਾ ਕੋਈ ਕੰਮ ਵੀ ਸਹੀ ਤਰੀਕੇ ਨਾਲ ਨਾ ਕੀਤੇ। ਉਨ੍ਹਾਂ ਦੱਸਿਆ ਕਿ ਅਜ ਕਲ ਸ਼ਹਿਰ ਵਿਚ ਡੇਗੂੰ ਫੈਲਿਆ ਹੋਇਆ ਹੈ ਤੇ ਕੌਂਸਲ ਕੋਲ ਕੋਈ ਫੋਕਿੰਗ ਮਸ਼ੀਨ ਨਹੀ ਹੈ, ਜਦੋਂ ਕਿ ਇਸ ਬਾਰੇ ਕੌਂਸਲ ਵਲੋਂ ਮਸ਼ੀਨ ਲੈਣ ਲਈ ਬਕਾਇਦਾ ਮਤਾ ਪਾਸ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਕੌਂਸਲ ਕੋਲ ਬਹੁਤ ਪੁਰਾਣਾ ਟਰੈਕਟਰ ਹੇੈ ਜੋਚਲਦਾ ਵੀ ਨਹੀ ਤੇ ਨਵੇਂ ਟਰੈਕਟਰ ਲਈ ਵੀ ਮਤਾ ਪਾਸ ਕੀਤਾ ਜਾ ਚੁੱਕਾ ਹੈ ਪਰ ਲਿਖਤੀ ਕਾਰਵਾਈ ਮੁਕੰਮਲ ਹੋਣ ਦੇ ਬਾਵਜੂਦ ਈ.ਓ ਵਲੋਂ ਕੋਈ ਵੀ ਖਰੀਦ ਨਹੀ ਕੀਤੀ ਗਈ। ਵਾਲੀਆ ਨੇ ਕਿਹਾ ਕਿ ਪਿਛਲੇ ਦਿਨੀਂ ਸਿੱਖ ਮਿਸ਼ਨਰੀ ਕਾਲਜ ਦੇ ਕੇਂਦਰੀ ਸਮਾਗਮ ਸੀ ਜਿਸ ਵਿਚ ਸਮੁੱਚੇ ਭਾਰਤ ਚੋਂ ਲੋਕ ਆਏ ਸਨ, ਇਸ ਬਾਰੇ ਈ.ਓ ਨੂੰ ਲਿਖਤੀ ਜਾਣਕਾਰੀ ਦੇ ਕੇ ਹਿਦਾਇਤ ਕੀਤੀ ਗਈ ਸੀ ਕਿ ਸਮੁੱਚੀ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਪਰ ਅਫਸੋਸ ਇਹ ਬਗੈਰ ਦੱਸੇ ਹੀ ਛੁੱਟੀ ਤੇ ਚਲੇ ਗਏ ਤੇ ਸਫਾਈ ਨਾ ਹੋ ਸਕੀ। ਇਸੇ ਤਰਾਂ ਰਾਮ ਲੀਲਾ ਕਰਾਉਣ ਮੋਕੇ ਵੀ ਸਫਾਂਈ ਦੇ ਪ੍ਰਬੰਧ ਲਈ ਲਿਖਤੀ ਹਿਦਾਇਤ ਕੀਤੀ ਗਈ ਸੀ ਪਰ ਐਨ ਮੋਕੇ ਤੇ ਉਹ ਇਥੋ ਚਲੇ ਗਏ ਜਿਸ ਕਰਕੇ ਸਾਰਾ ਕੰਮ ਰੁਕ ਗਿਆ। ਇਸ ਬਾਰੇ ਕਾਰਜ ਸਾਧਕ ਅਫਸਰ ਰਕੇਸ਼ ਅਰੋੜਾ ਨਾਲ ਗੱਲ ਕਰਨ ਤੇ ਉਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸ਼ਹਿਰ ਵਿਚ 24 ਲੱਖ ਦੇ ਵਿਕਾਸ ਕਾਰਜ ਚਲ ਰਹੇ ਹਨ। ਸਫਾਈ ਲਈ ਵੀ ਜਿਆਦਾ ਮੁਲਾਜਮ ਰੱਖੇ ਜਾ ਰਹੇ ਹਨ। ਫੋਕਿੰਗ ਮਸ਼ੀਨ ਕੀਰਤਪੁਰ ਸਾਹਿਬ ਤੋ ਮੰਗਵਾ ਕੇ ਫੋਕਿੰਗ ਕੀਤੀ ਜਾ ਰਹੀ ਹੈ ਤੇ ਜਲਦ ਹੀ ਨਵੀ ਮਸ਼ੀਨ ਵੀ ਲਿਆਉਂਦੀ ਜਾ ਰਹੀ ਹੈ।



