
ਦੇਸ਼ ਵਾਸੀਆਂ ਨੂੰ ਖਾਦੀ ਦੀ ਘੱਟੋ-ਘੱਟ ਇੱਕ ਪੋਸ਼ਾਕ ਪਹਿਣਨ ਦਾ ਸੱਦਾ
ਨਵੀਂ ਦਿੱਲੀ, 31 ਜਨਵਰੀ (ਬਲਜੀਤ ਸਿੰਘ ਬਰਾੜ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਸਾਲ ਦੀ ‘ਮਨ ਕੀ ਬਾਤ’ ਦੇ ਪਹਿਲੇ ਅਡੀਸ਼ਨ ਵਿੱਚ ਕਿਹਾ ਹੈ ਕਿ ਇਹ ਪ੍ਰੋਗਰਾਮ ਉਨ੍ਹਾਂ ਲਈ ਬਹੁਤ ਹੀ ਮਹੱਤਵਪੂਰਨ ਹੈ। ਉਹ ਇਸ ਨਾਲ ਨਾ ਕੇਵਲ ਲੋਕਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਪਾਉਂਦੇ ਹਨ, ਬਲਕਿ ਆਪਣੀਆਂ ਗੱਲਾਂ ਨੂੰ ਪ੍ਰਭਾਵੀ ਤੌਰ ‘ਤੇ ਵੀ ਰੱਖ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਸ੍ਰੀ ਮੋਦੀ ਨੇ ਸਟਾਰਟ ਅਪ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਸੋਲਰ ਚਰਖੇ ਦੀ ਕਾਮਯਾਬੀ ਨੂੰ ਦੇਸ਼ ਦੇ ਸਾਹਮਣੇ ਰੱਖਿਆ। ਪ੍ਰਧਾਨ ਮੰਤਰੀ ਨੇ ਹਰਿਆਣਾ ਵਿੱਚ ਵਧ ਰਹੀ ਬੇਟੀਆਂ ਦੀ ਸੰਖਿਆ ਨੂੰ ਸਮਾਜਿਕ ਸੋਚ ਵਿੱਚ ਬਦਲਾਅ ਕਰਾਰ ਦਿੱਤਾ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਬਹੁਤ ਜਲਦ ਦੇਸ਼ ਵਾਸੀਆਂ ਨੂੰ ਉਨ੍ਹਾਂ ਦੀ ਮਾਤਰ ਭਾਸ਼ਾ ਵਿੱਚ ਉਹ ਪ੍ਰੋਗਰਾਮ ਸੁਣਨ ਦਾ ਮੌਕਾ ਮਿਲੇਗਾ। ਖਾਦੀ ਪੋਸ਼ਾਕ- ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਪੋਸ਼ਾਕਾਂ ਵਿੱਚ ਇੱਕ ਪੋਸ਼ਾਕ ਖਾਦੀ ਦੀ ਜ਼ਰੂਰ ਸ਼ਾਮਿਲ ਕਰਨ। ਉਨ੍ਹਾਂ ਦਾ ਕਹਿਣਾ ਸੀ ਕਿ ਖਾਦੀ ਉਦਯੋਗ ਵਿੱਚ ਰੁਜ਼ਗਾਰ ਦੀਆਂ ਅਸੀਮ ਸਮਰਥਾਵਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਦੀ ਸਿਰਫ ਇੱਕ ਪੋਸ਼ਾਕ ਨਹੀਂ ਹੈ, ਸਗੋਂ ਇਹ ਤਿਆਗ, ਸਮਰਪਣ ਅਤੇ ਦੇਸ਼ ਦੇ ਆਜ਼ਾਦੀ ਅੰਦੋਲਨ ਦਾ ਪ੍ਰਤੀਕ ਹੈ। ਇਹ ਦੇਸ਼ ਦੇ ਨੌਜਵਾਨਾਂ ਦੀ ਪਹਿਚਾਣ ਬਣ ਚੁੱਕੀ ਹੈ। ਅਸੀਂ ਖਾਦੀ ਨੂੰ ਬੜਾਵਾ ਦੇ ਕੇ ਦੁਨੀਆ ਦੇ ਸਾਹਮਣੇ ਇੱਕ ਨਜੀਰ ਪੇਸ਼ ਕਰ ਸਕਦੇ ਹਾਂ। ਖਾਦੀ ਵਿੱਚ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਮਰਥਾ ਹੈ।
ਸਟਾਰਟ ਅਪ ਦਾ ਜ਼ਿਕਰ- ਦੇਸ਼ ’ਚ 16 ਜਨਵਰੀ ਨੂੰ ਸ਼ੁਰੂ ਕੀਤੇ ਗਏ ਸਟਾਰਟ ਅਪ ਪ੍ਰੋਗਰਾਮ ਬਾਰੇ ਗੱਲ ਕਰਿਦਆਂ ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਇਸ ਪ੍ਰੋਗਰਾਮ ਨਾਲ ਦੇਸ਼ ਦੇ ਨੌਜਵਾਨਾਂ ਵਿੱਚ ਉਤਸ਼ਾਹ, ਉਮੰਗ ਅਤੇ ਜੋਸ਼ ਪੈਦਾ ਹੋਇਆ ਹੈ। ਸਟਾਰਟ ਅਪ ਦੀ ਸ਼ੁਰੂਆਤ ’ਚ ਲੋਕਾਂ ਨੇ ਕਿਹਾ ਕਿ ਇਹ ਸਿਰਫ ਆਈਟੀ ਸੈਕਟਰ ਤੱਕ ਹੀ ਸੀਮਤ ਹੈ, ਪਰ ਸਿਕੱਮ ਦੇ ਨੌਜਵਾਨ ਖੇਤੀ ਖੇਤਰ ਵਿੱਚ ਵੀ ਇਸ ਨੂੰ ਅਜਮਾ ਰਹੇ ਹਨ।
ਕਿਸਾਨਾਂ ਦੇ ਨਾਂਅ ’ਤੇ ਨਾ ਹੋਵੇ ਰਾਜਨੀਤੀ- ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਦੇ ਨਾਂਅ ’ਤੇ ਬਹੁਤ ਕੁਝ ਕਿਹਾ ਜਾਂਦਾ ਹੈ, ਪਰ ਉਹ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ। ਫਸਲ ਬੀਮਾ ਯੋਜਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਪ੍ਰਤੀ ਦੇਸ਼’ਚ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਨਾਂਅ ’ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਮਾਤ ਭਾਸ਼ਾ ਵਿੱਚ ਮਨ ਕੀ ਬਾਤ- ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਮਨ ਕੀ ਬਾਤ ਲਈ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਜੋ 81908-81908 ਹੈ। ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਮਨ ਕੀ ਬਾਤ ਆਪੋ ਆਪਣੀ ਮਾਤ ਭਾਸ਼ਾ ਵਿੱਚ ਸੁਣਨ ਦਾ ਮੌਕਾ ਲੋਕਾਂ ਨੂੰ ਜਲਦ ਹੀ ਮਿਲੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਹੁਣ ਸੁੰਦਰਤਾ ਨਾਲ ਜੁੜ ਚੁੱਕੀ ਹੈ। ਬਹੁਤ ਸਾਰੇ ਲੋਕ ਰੇਲਵੇ ਸਟੇਸ਼ਨਾਂ ਨੂੰ ਕਲਾਤਮਕ ਢੰਗ ਨਾਲ ਸਜਾ ਰਹੇ ਹਨ।
ਹਰਿਆਣਾ-ਗੁਜਰਾਤ ਨੇ ਵਧਾਇਆ ਧੀਆਂ ਦਾ ਸਨਮਾਨ : ਮੋਦੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨੂੰ ਵਧਾਉਣ ਵਿਚ ਹਰਿਆਣਾ ਅਤੇ ਗੁਜਰਾਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਸੂਬਿਆਂ ਨੇ ਧੀਆਂ ਲਈ ਅਨੋਖੀ ਪਹਿਲ ਕਰ ਕੇ ਚੰਗਾ ਸੰਦੇਸ਼ ਦੇਣ ਦਾ ਕੰਮ ਕੀਤਾ ਹੈ ਮੋਦੀ ਨੇ ਨਵੇਂ ਸਾਲ ‘ਚ ਪਹਿਲੀ ਵਾਰ ਆਕਾਸ਼ਵਾਣੀ ਤੋਂ ਪ੍ਰਸਾਰਤ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਕਿਹਾ ਕਿ ਧੀਆਂ ਨੂੰ ਸਨਮਾਨ ਦੇਣ ਲਈ ਹਰਿਆਣਾ ਅਤੇ ਗੁਜਰਾਤ ਨੇ ਅਨੋਖਾ ਪ੍ਰਯੋਗ ਕੀਤਾ ਹੈ ਇਸ ਕ੍ਰਮ ਵਿਚ ਹਰੇਕ ਪਿੰਡ ਦੇ ਸਰਕਾਰੀ ਸਕੂਲ ਵਿਚ ਤਿਰੰਗਾ ਲਹਿਰਾਉਣ ਲਈ ਪਿੰਡ ਦੀ ਸਭ ਤੋਂ ਜ਼ਿਆਦਾ ਪੜ੍ਹੀ-ਲਿਖੀ ਧੀ ਦੀ ਚੋਣ ਕੀਤੀ ਅਤੇ ਉਸ ਤੋਂ ਤਿਰੰਗਾ ਲਹਿਰਾਇਆ ਇਸ ਕੋਸ਼ਿਸ਼ ਨਾਲ ਧੀਆਂ ਦਾ ਸਨਮਾਨ ਵਧਿਆਉਨ੍ਹਾਂ ਕਿਹਾ ਕਿ ਅੱਜ ਸਥਿਤੀ ਬਦਲ ਗਈ ਹੈ ਅਤੇ ਇਸ ਲਈ ਮੈਂ ਹਰਿਆਣਾ ਦਾ ਦਿਲੋਂ ਧੰਨਵਾਦ ਕਰਦਾ ਹਾਂ, ਅੱਜ ਧੀਆਂ ਦੇ ਜਨਮ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਿੲਆ ਹੈ।



