
ਚੰਡੀਗੜ੍ਹ, ਜਲੰਧਰ ਅਤੇ ਅੰਮ੍ਰਿਤਸਰ ਦੇ ਪੱਛੜਣ ਕਾਰਨ ਪੰਜਾਬ ’ਚ ਨਿਰਾਸ਼ਾ
ਨਵੀਂ ਦਿੱਲੀ, 28 ਜਨਵਰੀ (ਬਲਜੀਤ ਸਿੰਘ ਬਰਾੜ)- ਕੇਂਦਰ ਸਰਕਾਰ ਨੇ ਸਮਾਰਟ ਸਿਟੀ ਯੋਜਨਾ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਪਹਿਲੇ 20 ਸ਼ਹਿਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੰਜਾਬ ਦਾ ਲੁਧਿਆਣਾ ਵੀ ਸ਼ਾਮਿਲ ਹੈ। ਲੁਧਿਆਣਾ ਨੂੰ ਸੂਚੀ ਵਿੱਚ 19ਵਾਂ ਸਥਾਨ ਮਿਲਿਆ ਹੈ। ਉਮੀਦਾਂ ਦੇ ਬਾਵਜੂਦ ਅੰਮ੍ਰਿਤਸਰ ਇਸ ਪਹਿਲੀ ਸੂਚੀ ਵਿੱਚ ਸ਼ਾਮਿਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਚੰਡੀਗੜ੍ਹ ਅਤੇ ਜਲੰਧਰ ਨੂੰ ਵੀ ਹਾਲੇ ਹੋਰ ਉਡੀਕ ਕਰਨੀ ਹੋਵੇਗੀ।
ਕੇਂਦਰੀ ਮੰਤਰੀ ਸ੍ਰੀ ਵੈਂਕਈਆ ਨਾਇਡੂ ਵੱਲੋਂ ਵੀਰਵਾਰ ਨੂੰ ਇੱਥੇ ਕੇਂਦਰ ਸਰਕਾਰ ਦੇ ਮੀਡੀਆ ਸੈਂਟਰ ਵਿਖੇ ਸਮਾਰਟ ਸਿਟੀ ਯੋਜਨਾ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ 20 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਯੋਜਨਾ ਤਹਿਤ ਪੜਾਅਵਾਰ ਕੁੱਲ 100 ਸ਼ਹਿਰਾਂ ਨੂੰ ਵਿਕਸਿਤ ਕੀਤਾ ਜਾਵੇਗਾ। ਦੇਸ਼ ਵਿੱਚ ਸਮਾਰਟ ਸਿਟੀ ਯੋਜਨਾ ਵਿੱਚ ਸ਼ਾਮਿਲ ਹੋਣ ਵਾਲੇ ਸ਼ਹਿਰਾਂ ਵਿੱਚ ਭੁਵਨੇਸ਼ਵਰ ਨੂੰ ਪਹਿਲਾ ਸਥਾਨ ਮਿਲਿਆ ਹੈ। ਸੂਚੀ ਮੁਤਾਬਿਕ ਭੁਵਨੇਸ਼ਵਰ, ਪੁਣੇ, ਜੈਪੁਰ, ਸੂਰਤ, ਕੋਚੀ, ਅਹਿਮਦਾਬਾਦ, ਜਬਲਪੁਰ, ਵਿਸ਼ਾਖਾਪਟਨਮ, ਸੋਲਾਪੁਰ, ਧਾਵਣਗਿਰੀ, ਇੰਦੌਰ, ਨਵੀਂ ਦਿੱਲੀ ਨਗਰ ਨਿਗਮ, ਕੋਇੰਬਟੂਰ, ਕਾਕੀਨਾੜਾ ਦਾ, ਬੇਲਗਾਮ, ਉਦੈਪੁਰ, ਗੋਹਾਟੀ, ਚੇਨਈ, ਲੁਧਿਆਣਾ ਅਤੇ ਭੋਪਾਲ ਇਸ ਸੂਚੀ ਵਿੱਚ ਸ਼ਾਮਿਲ ਹਨ।
ਸ੍ਰੀ ਵੈਂਕਈਆ ਨਾਇਡੂ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਸੂਚੀ ਬਣਾਉਣ ਸਮੇਂ ਸਰਕਾਰ ਦੀ ਕੋਈ ਭੂਮਿਕਾ ਜਾਂ ਦਖਲਅੰਦਾਜ਼ੀ ਨਹੀਂ ਸੀ। ਇਸ ਲਈ ਬਕਾਇਦਾ ਮਾਪਦੰਡ ਬਣਾਏ ਗਏ ਸਨ, ਜਿਸ ਤਹਿਤ ਸਥਾਨਕ ਸੰਸਥਾਵਾਂ ਵੱਲੋਂ ਫੈਸਲਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜਨਤਾ ਨੂੰ ਸ਼ਾਮਿਲ ਕਰਨਾ ਬੇਹੱਦ ਜ਼ਰੂਰੀ ਸੀ | ਸ਼ਹਿਰੀ ਵਿਕਾਸ ਮੰਤਰੀ ਸ੍ਰੀ ਨਾਇਡੂ ਮੁਤਾਬਿਕ ਸਮਾਰਟ ਸ਼ਹਿਰਾਂ ਵਿੱਚ ਪਾਣੀ, ਬਿਜਲੀ, ਸਫਾਈ, ਕੂੜਾ ਪ੍ਰਬੰਧ, ਆਵਾਜਾਈ, ਆਈਟੀ ਸੰਪਰਕ, ਈ-ਗਵਰਨੈਂਸ ਸਹੂਲਤਾਂ ਅਤੇ ਨਾਗਰਿਕ ਹਿੱਸੇਦਾਰੀ ਵਿਕਸਿਤ ਕੀਤੀ ਜਾਵੇਗੀ। ਬਾਅਦ ਦੇ ਸਾਲਾਂ ਵਿੱਚ 40 ਸ਼ਹਿਰਾਂ ਦੀ ਸੂਚੀ ਜਾਰੀ ਹੋਵੇਗੀ। ਇਸ ਤਰ੍ਹਾਂ ਕੁੱਲ 100 ਸ਼ਹਿਰ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਤਰ੍ਹਾਂ ਸ਼ਹਿਰਾਂ ਨੂੰ ਚੁਣ ਕੇ ਉਨ੍ਹਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਚੁਣੇ ਗਏ 20 ਸ਼ਹਿਰਾਂ ਦੀ ਕੁੱਲ ਆਬਾਦੀ 3.54 ਕਰੋੜ ਦੱਸੀ ਜਾ ਰਹੀ ਹੈ।ਇਸ ਦੌਰਾਨ ਜੰਮੂ-ਕਸ਼ਮੀਰ ਦਾ ਕੋਈ ਵੀ ਸ਼ਹਿਰ ਇਸ ਯੋਜਨਾ ਤਹਿਤ ਨਹੀਂ ਆਇਆ।



