
ਰੋਹਿਤ ਨੂੰ ਯਾਦ ਕਰ ਭਾਵੁਕ ਹੋਏ ਪ੍ਰਧਾਨ ਮੰਤਰੀ
ਲਖਨਊ, 22 ਜਨਵਰੀ (ਪੀ. ਟੀ. ਲਾਇਵ)- ਸ਼ੁੱਕਰਵਾਰ ਨੂੰ ਵਾਰਾਨਸੀ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਖਨਊ ਦੀ ਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਪੁੱਜੇ ਤਾਂ ਵਿਦਿਆਰਥੀਆਂ ਨੇ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਦੇ ਮਾਮਲੇ ਸਬੰਧੀ ਰੋਸ ਪ੍ਰਗਟ ਕਰਦੇ ਹੋਏ ‘ਮੋਦੀ ਗੋ ਬੈਕ’ ਦੇ ਨਾਅਰੇ ਲਗਾਏ। ਵਿਦਿਆਰਥੀਆਂ ਦੇ ਇਸ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ ਦੀ ਸਥਾਪਨਾ ਦੇ 63 ਸਾਲਾ ਮੌਕੇ ਰੱਖੇ ਸਮਾਗਮਾਂ ਵਿੱਚ ਹਿੱਸਾ ਲੈਣ ਗਏ ਸਨ। ਹੈਦਰਾਬਾਦ ਵਿਖੇ ਇੱਕ ਦਲਿਤ ਵਰਗ ਦੇ ਖੋਜੀ ਸ੍ਰੀ ਰੋਹਿਤ ਦੀ ਖੁਦਕੁਸ਼ੀ ਕਾਰਨ ਦੇਸ਼ ਭਰ ਵਿੱਚ ਵਿਦਿਆਰਥੀਆਂ ਵਿੱਚ ਭਾਰੀ ਗੁੱਸਾ ਅਤੇ ਰੋਸ ਹੈ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਸਬੰਧੀ ਵਿਦਿਆਰਥੀਆਂ ਦੇ ਰੋਸ ਨੂੰ ਠੰਡਾ ਕਰਨ ਲਈ ਆਪਣੇ ਭਾਸ਼ਣ ਦੌਰਾਨ ਭਾਵੁਕ ਹੋ ਉਠੇ। ਉਨ੍ਹਾਂ ਕਿਹਾ ਕਿ ਰੋਹਿਤ ਨੂੰ ਸੁਸਾਇਡ ਦੇ ਲਈ ਮਜਬੂਰ ਹੋਣਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਨ ਆਪਣੀ ਜਗ੍ਹਾ ਹੈ, ਰਾਜਨੀਤੀ ਆਪਣੀ ਜਗ੍ਹਾ ਹੈ, ਪਰ ਸੱਚਾਈ ਤਾਂ ਇਹ ਹੈ ਕਿ ਮਾਂ ਭਾਰਤੀ ਨੇ ਆਪਣਾ ਇੱਕ ਲਾਲ ਗਵਾਇਆ ਹੈ। ਉਸ ਦੇ ਪਰਿਵਾਰ ‘ਤੇ ਕੀ ਬੀਤੀ ਹੋਵੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਨਸੀ ਪਹੁੰਚੇ ਤੇ ਉਨ੍ਹਾਂ ਨੇ 9096 ਅਪਾਹਜਾਂ ਨੂੰ ਵਹੀਲ ਚੇਅਰ, ਹੱਥ ਨਾਲ ਚੱਲਣ ਵਾਲੇ ਤਿਪਹੀਆ ਸਾਈਕਲ, ਬੈ-ਸਾਖੀ ਤੇ ਕੰਨਾਂ ਦੀਆਂ ਮਸ਼ੀਨਾਂ ਵੰਡੀਆਂ।ਮੋਦੀ ਨੇ ਉਨ੍ਹਾਂ ਦੀ ਰੈਲੀ ’ਚ ਆ ਰਹੀ ਇਕ ਅਪਾਹਜਾਂ ਦੀ ਬੱਸ ਦੇ ਹਾਦਸਾਗ੍ਰਸਤ ਹੋ ਜਾਣ ’ਤੇ ਦੁੱਖ ਪ੍ਰਗਟ ਕੀਤਾ।ਇਸ ਤੋਂ ਇਲਾਵਾ ਮੋਦੀ ਨੇ ਭਾਰਤ ਰਤਨ ਮਹਾਮਨਾ ਪੰਡਤ ਮਦਨ ਮੋਹਨ ਮਾਲਵੀਆ ਦੇ ਨਾਮ ’ਤੇ ਆਧੁਨਿਕ ਸਹੂਲਤਾਂ ਵਾਲੀ ਇੱਕ ਨਵੀਂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਇਹ ਟਰੇਨ ਵਾਰਾਨਸੀ ਤੋਂ ਬਰਾਸਤਾ ਲਖਨਊ ਦਿੱਲੀ ਲਈ ਚੱਲੇਗੀ।
ਰੋਹਿਤ ਖੁਦਕੁਸ਼ੀ ਦੀ ਜੁਡੀਸ਼ੀਅਲ ਜਾਂਚ ਦੇ ਆਦੇਸ਼

ਨਵੀਂ ਦਿੱਲੀ- ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲਾ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਨਾ ਦੀ ਜਾਂਚ ਦੇ ਲਈ ਜੁਡੀਸ਼ੀਅਲ ਕਮਿਸ਼ਨ ਗਠਿਤ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਬਾਅਦ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦੋ ਮੈਂਬਰੀ ਫੈਕਟ ਫਾਇੰਡਿੰਗ ਕਮੇਟੀ ਬਣਾਈ ਸੀ, ਜਿਸ ਨੇ ਆਪਣੀ ਰਿਪੋਰਟ ਮੰਤਰਾਲਾ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਮਿਲੇ ਤੱਥਾਂ ਦੇ ਆਧਾਰ ‘ਤੇ ਮੰਤਰਾਲਾ ਨੇ ਵਿਦਿਆਰਥੀ ਦੀ ਖੁਦਕੁਸ਼ੀ ਦੀ ਜੁਡੀਸ਼ੀਅਲ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਜੁਡੀਸ਼ੀਅਲ ਕਮਿਸ਼ਨ ਪੂਰੀ ਘਟਨਾ ਅਤੇ ਤੱਥਾਂ ਦੇ ਆਧਾਰ ’ਤੇ ਜਾਂਚ ਕਰਕੇ ਅਗਲੇ 3 ਮਹੀਿਨਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗਾ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀਮਤੀ ਇਰਾਨੀ ਨੇ ਰੋਹਿਤ ਦੀ ਮਾਂ ਨਾਲ ਵੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਦਬਾਅ ਅੱਗੇ ਝੁਕਦੇ ਹੋਏ ਹੈਦਰਾਬਾਦ ਯੂਨੀਵਰਿਸਟੀ ਨੇ ਮੁਅੱਤਲ ਕੀਤੇ ਗਏ 4 ਵਿਦਿਆਰਥੀਆਂ ਦੀ ਮੁਅਤਲੀ ਵਾਪਿਸ ਲੈ ਲਈ ਹੈ। ਇ੍ਹਨਾਂ ਵਿਦਿਆਰਥੀਆਂ ਨੂੰ ਰੋਹਿਤ ਵੇਮੁਲਾ ਦੇ ਨਾਲ 17 ਜਨਵਰੀ ਨੂੰ ਮੁਅੱਤਲ ਕੀਤਾ ਗਿਆ ਸੀ।



