
ਮੈਲਬੋਰਨ, 17 ਜਨਵਰੀ (ਪੀ. ਟੀ.)- ਆਸਟਰੇਲੀਆਈ ਬੱਲੇਬਾਜ਼ ਗਲੈਨ ਮੈਕਸਵੈਲ (96 ਦੌੜਾਂ) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਤੀਜਾ ਵਨ ਡੇਅ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਆਸਟਰੇਲੀਆ ਹੁਣ 5 ਮੈਚਾਂ ਦੀ ਸੀਰੀਜ਼ ’ਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਆਸਟਰੇਲੀਆਈ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਅੱਜ ਵੀ ਦੇਖਣ ਵਾਲਾ ਸੀ। ਆਸਟਰੇਲੀਆਈ ਓਪਨਰ ਮਾਰਸ਼ (62 ਦੌੜਾਂ) ਅਤੇ ਫਿੰਚ (21 ਦੌੜਾਂ) ਨੇ ਪਹਿਲੇ ਵਿਕਟ ਲਈ 48 ਦੌੜਾਂ ਦੀ ਹਿੱਸੇਦਾਰੀ ਕੀਤੀ। ਇਸ ਤੋਂ ਬਾਅਦ ਮੈਦਾਨ ‘ਤੇ ਬੱਲੇਬਾਜ਼ੀ ਕਰਨ ਆਏ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ 41 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਾਰਜ ਬੈਲੀ ਨੇ 23 ਦੌੜਾਂ, ਮਿਚੇਲ ਮਾਰਸ਼ ਨੇ 17 ਦੌੜਾਂ ਅਤੇ ਮੈਥਿਊ ਵੇਡ ਨੇ 6 ਦੌੜਾਂ ਬਣਾਈਆਂ। ਗਲੈਨ ਮੈਕਸਵੈਲ ਨੇ ਆਪਣੀ ਟੀਮ ਲਈ ਕਾਫੀ ਅਹਿਮ ਪਾਰੀ ਖੇਡੀ ਅਤੇ 96 ਦੌੜਾਂ ਬਣਾ ਕੇ ਮੈਚ ਨੂੰ ਅਖੀਰ ਤੱਕ ਲੈ ਗਏ ਅਤੇ ਭਾਰਤ ਵੱਲੋਂ ਦਿੱਤੇ ਗਏ 296 ਦੌੜਾਂ ਦੇ ਟੀਚੇ ਨੂੰ ਪੂਰਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਅੱਜ ਫਿਰ ਨਿਰਾਸ਼ ਕੀਤਾ। ਉਮੇਸ਼ ਯਾਦਵ ਨੇ 9.5 ਓਵਰਾਂ ‘ਚ 68 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ਼ਾਂਤ ਸ਼ਰਮਾ ਨੇ 53 ਦੌੜਾਂ ਦੇ 2 ਅਤੇ ਰਵਿੰਦਰ ਜਡੇਜਾ ਨੇ 49 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਬਿਰ ਸਰਨ ਵੀ ਕਾਫੀ ਮਹਿੰਗੇ ਸਾਿਬਤ ਹੋਏ। ਉਨ੍ਹਾਂ 8 ਓਵਰਾਂ ‘ਚ 63 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਹਾਸਲ ਨਹੀਂ ਕਰ ਸਕੇ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੈਚ ਦੀ ਸ਼ੁਰੂਆਤ ‘ਚ ਰੋਹਿਤ ਸ਼ਰਮਾ 6 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਮੈਚ ‘ਚ ਸ਼ਿਖਰ ਧਵਨ (68 ਦੌੜਾਂ) ਅਤੇ ਵਿਰਾਟ ਕੋਹਲੀ (116 ਦੌੜਾਂ) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੀ ਟੀਮ ਨੂੰ ਮਜਬੂਤੀ ਪ੍ਰਦਾਨ ਕੀਤੀ। ਸ਼ਿਖਰ ਧਵਨ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਆਏ ਅਜਿੰਕਯ ਰਹਾਨੇ ਮੈਦਾਨ ਸ਼ਾਨਦਾਰ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰਿਦਆਂ 9 ਗੇਂਦਾਂ ਖੇਡ ਕੇ 23 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਆਪਣੀ ਪਾਰੀ ਖੇਡਦੇ ਹੋਏ 50 ਓਵਰਾਂ ‘ਚ 295 ਦੌੜਾਂ ਬਣਾਈਆਂ।



