Skip to content
Independent perspectives. Global stories.
BREAKING

ਨਾਮਧਾਰੀ ਮੁਖੀ ਠਾਕੁਰ ਉਦੈ ਸਿੰਘ ‘ਤੇ ਇੰਗਲੈਂਡ ਵਿੱਚ ਜਾਨਲੇਵਾ ਹਮਲਾ

Share this story

ਮਾਛੀਵਾੜਾ ਸਾਹਿਬ,  11 ਅਗਸਤ (ਕਰਮਜੀਤ ਸਿੰਘ ਆਜ਼ਾਦ)-ਇੰਗਲੈਂਡ ਵਿਖੇ ਅੱਜ ਤੜਕੇ ਨਾਮਧਾਰੀ ਸੰਪ੍ਰਦਾ ਦੇ ਮੁਖੀ ਠਾਕੁਰ ਉਦੈ ਸਿੰਘ ਤੇ ਇੱਕ ਵਿਅਕਤੀ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਨਾਂ ਦੇ ਮੱਥੇ ਅਤੇ ਬਾਂਹ ਤੇ ਸੱਟ ਲੱਗਣ ਕਾਰਨ ਉਹ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਠਾਕੁਰ ਉਦੈ ਸਿੰਘ ਅੱਜ ਸਵੇਰੇ ਇੰਗਲੈਂਡ ਦੇ ਸ਼ਹਿਰ ਲਿਸਟਰ ਵਿਖੇ ਨਾਮਧਾਰੀ ਗੁਰਦੁਆਰਾ ਸਾਹਿਬ ਵਿਚ ਇੰਗਲੈਂਡ ਦੇ ਸਮੇਂ ਅਨੁਸਾਰ ਸਵੇਰੇ 5 ਵਜੇ (ਭਾਰਤੀ ਸਮਾਂ ਸਵੇਰੇ 9.30 ਵਜੇ) ਆਸਾ ਦੀ ਵਾਰ ਦੇ ਕੀਰਤਨ ਵਿਚ ਬੈਠੇ ਸਨ ਕਿ ਇੱਕ ਵਿਅਕਤੀ ਜਿਸਨੇ ਕੱਪੜੇ ਦੀ ਬੁੱਕਲ ਮਾਰੀ ਹੋਈ ਸੀ ਕਿ ਉਸਨੇ ਕੁਹਾੜੀ ਨਾਲ ਅਚਾਨਕ ਹਮਲਾ ਕਰ ਦਿੱਤਾ। ਹਮਲੇ ਤੋਂ ਬਚਾਅ ਲਈ ਠਾਕੁਰ ਉਦੈ ਸਿੰਘ ਆਪਣੀ ਖੱਬੀ ਬਾਂਹ ਅੱਗੇ ਕਰ ਦਿੱਤੀ ਜਿਸ ਕਾਰਨ ਉਨਾਂ ਦੇ ਮੱਥੇ ਤੇ ਵੀ ਸੱਟ ਲੱਗੀ।
thakurudaesinghji
ਹਮਲਾ ਹੁੰਦੇ ਹੀ ਉਨਾਂ ਦੇ ਨਾਲ ਬੈਠੇ ਉਨ੍ਹਾਂ ਦੇ ਸੇਵਾਦਾਰ ਬਲਦੇਵ ਸਿੰਘ ਕਾਕੂ ਤੇ ਸੂਬਾ ਸਤਨਾਮ ਸਿੰਘ ਨੇ ਹਮਲਾਵਾਰ ਨੂੰ ਜੱਫਾ ਮਾਰ ਲਿਆ ਤੇ ਅਤੇ ਝੜਪ ਵਿਚ ਉਨਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਗੁਰਦੁਆਰਾ ਸਾਹਿਬ ਵਿਚ ਬੈਠੀ ਸੰਗਤ ਨੇ ਹਮਲਾਵਾਰ ਨੂੰ ਕਾਬੂ ਕਰ ਲਿਆ ਤੇ ਉਸਦੀ ਚੰਗੀ ਕੁੱਟਮਾਰ ਕੀਤੀ ਉਪਰੰਤ ਪੁਲਸ ਦੇ ਹਵਾਲੇ ਕਰ ਦਿੱਤਾ। ਠਾਕੁਰ ਉਦੈ ਸਿੰਘ ਤੇ ਹਮਲੇ ਦੀ ਪੁਸ਼ਟੀ ਨਾਮਧਾਰੀ ਸੰਪ੍ਰਦਾ ਦੇ ਮੁੱਖ ਕੇਂਦਰ ਸ੍ਰੀ ਭੈਣੀ ਸਾਹਿਬ ਵਿਖੇ ਸੰਤ ਸੁਰਿੰਦਰ ਸਿੰਘ ਨਾਮਧਾਰੀ ਨੇ ਵੀ ਕੀਤੀ ਤੇ ਉਨਾਂ ਕਿਹਾ ਕਿ ਹਮਲੇ ਦੌਰਾਨ ਜੋ ਠਾਕੁਰ ਉਦੈ ਸਿੰਘ ਨੂੰ ਸੱਟਾਂ ਲੱਗੀਆਂ ਸਨ ਉਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਇਲਾਜ ਉਪਰੰਤ ਉਨਾਂ ਨੂੰ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਠਾਕੁਰ ਉਦੈ ਸਿੰਘ ਜੀ ਬਿਲਕੁਲ ਠੀਕ ਹਨ ਅਤੇ ਖ਼ਤਰੇ ਤੋਂ ਬਾਹਰ ਹਨ ਤੇ ਹਮਲਾਵਾਰ ਦੀ ਜਲਦ ਹੀ ਪਹਿਚਾਣ ਕਰ ਲਈ ਜਾਵੇਗੀ। ਸੰਤ ਸੁਰਿੰਦਰ ਸਿੰਘ ਨਾਮਧਾਰੀ ਨੇ ਨਾਮਧਾਰੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਵਾਲਾ ਮਹੌਲ ਬਣਾਈ ਰੱਖਣ ਅਤੇ ਸਤਿਗੁਰੂ ਠਾਕੁਰ ਉਦੈ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ। ਜਿਕਰਯੋਗ ਹੈ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਗੱਦੀ ਨੂੰ ਲੈ ਕੇ ਠਾਕੁਰ ਉਦੈ ਸਿੰਘ ਤੇ ਉਨਾਂ ਦੇ ਭਰਾ ਠਾਕੁਰ ਦਲੀਪ ਸਿੰਘ ਵਿਚਕਾਰ ਵਿਵਾਦ ਚੱਲ ਰਿਹਾ ਸੀ। ਇਹ ਪਤਾ ਲੱਗਣਾ ਅਜੇ ਬਾਕੀ ਹੈ ਕਿ ਇਹ ਹਮਲਾ ਉਸੇ ਕੜੀ ਦਾ ਹਿੱਸਾ ਜਾਂ ਕਿ ਕੋਈ ਹੋਰ ਕਾਰਨ ਹੈ ਇਹ ਹਮਲਾਵਾਰ ਦੀ ਪਹਿਚਾਣ ਤੇ ਇੰਗਲੈਂਡ ਪੁਲਸ ਦੀ ਜਾਂਚ ਉਪਰੰਤ ਹੀ ਸਾਹਮਣੇ ਆਵੇਗਾ।

WRITTEN BY