ਕੈਲੀਫੋਰਨੀਆ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਵਿਦੇਸ਼ਾਂ ਵਿਚ ਸਿੱਖਾਂ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਪੱਗ ਕਾਰਨ ਆਏ ਦਿਨ ਨਸਲੀ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਕੈਲੀਫੋਰਨੀਆ ਵਿਚ। ਕੈਲੀਫੋਰਨੀਆ ਵਿਚ ਇਕ ਸਿੱਖ ਪਰਿਵਾਰ ਨੇ ਮਨੋਰੰਜਨ ਪਾਰਕ ਦੇ ਕਰਮਚਾਰੀਆਂ ‘ਤੇ ਉਨ੍ਹਾਂ ਦੀਆਂ ਪੱਗਾਂ ਨੂੰ ਲੈ ਕੇ ਬਦਲਸਲੂਕੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਅਲਮੇਡਾ ਕਾਊਂਟੀ ਦੇ ਰਹਿਣ ਵਾਲੇ ਉਕਤ ਸਿੱਖ ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਸਾਨ ਫਰਾਂਸਿਸ ਬੇਅ ਇਲਾਕੇ ਵਿਚ ਇਕ ਮਨੋਰੰਜਕ ਪਾਰਕ ਬੂਮਰ ਵਿਚ ਗਏ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਉਨ੍ਹਾਂ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਪੱਗਾਂ ਬੰਨ੍ਹੀਆਂ ਹੋਣ ਕਾਰਨ ਝੂਲਿਆਂ ‘ਤੇ ਚੜ੍ਹਨੋਂ ਰੋਕ ਦਿੱਤਾ ਅਤੇ ਉਨ੍ਹਾਂ ‘ਤੇ ਨਸਲੀ ਟਿੱਪਣੀਆਂ ਵੀ ਕੀਤੀਆਂ। ਉਕਤ ਸਿੱਖ ਪਰਿਵਾਰ ਦੇ ਮੁਖੀ ਮਨਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਮਰਿੰਦਰ ਸਿੰਘ (26), ਗੁਰਪ੍ਰੀਤ ਸਿੰਘ (16), ਦਲਜੀਤ ਸਿੰਘ(15) ਅਤੇ ਜਸਕੀਰਤ ਸਿੰਘ (11) ਨੂੰ ਪਾਰਕ ਵਿਚ ਝੂਲਿਆਂ ‘ਤੇ ਚੜ੍ਹਨ ਲਈ ਕਈ ਮਿੰਟਾਂ ਤੱਕ ਇੰਤਜ਼ਾਰ ਕਰਨਾ ਪਿਆ ਅਤੇ ਬਾਅਦ ਵਿਚ ਕਰਮਚਾਰੀਆਂ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਪੱਗਾਂ ਪਹਿਨ ਕੇ ਝੂਲਿਆਂ ‘ਤੇ ਚੜ੍ਹਨਾ ਮਨ੍ਹਾ ਹੈ। ਦੂਜੇ ਪਾਸੇ ਪਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆ ਉੁਨ੍ਹਾਂ ਨੂੰ ਝੂਲਿਆਂ ‘ਤੇ ਚੜ੍ਹਨ ਤੋਂ ਰੋਕਿਆ ਸੀ। ਇਸ ਪਿੱਛੇ ਨਸਲੀ ਵਿਤਕਰੇ ਦੀ ਕੋਈ ਭਾਵਨਾ ਨਹੀਂ ਸੀ। ਪੀੜਤ ਪਰਿਵਾਰ ਯੂਨਾਈਟਿਡ ਸਿੱਖਾਂ ਦੀ ਵੈੱਬਸਾਈਟ ‘ਤੇ ਆਨਲਾਈਨ ਪਟੀਸ਼ਨ ਦਾਇਰ ਕਰਨ ਦੀ ਸੋਚ ਰਿਹਾ ਹੈ।


