ਲਹਿਰਾਗਾਗਾ, 17 ਅਗਸਤ (ਸੁਨੀਲ ਗੋਇਲ, ਦਿਆ ਸਿੰਘ ਚੋਟੀਆ)- ਨੇੜੇ ਪੈਂਦੇ ਪਿੰਡ ਲਹਿਲ ਕਲਾਂ ਵਿਖੇ ਗੁਰੂ ਤੇਗ ਬਹਾਦਰ ਨਗਰ ਵਿਖੇ ਛੱਪੜਾਂ ਦੇ ਉਛਲਣ ਕਾਰਨ, ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਪਿੰਡ ਦੀਆਂ ਗਲੀਆਂ ਨਾਲੀਆਂ ਵਿੱਚ ਭਰਨ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੇ ਛੱਪੜਾ ਦਾ ਪਾਣੀ ਓਵਰ ਫਲੋਅ ਹੋ ਕੇ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਿਆ ਹੈ ਅਤੇ ਪਿੰਡ ਦੇ ਸ਼ਿਵ ਮੰਦਰ ਤੋਂ ਲੈ ਕੇ ਡੇਰਾ ਬਾਬਾ ਸਰੁਸਤੀ ਤੱਕ ਰਾਸਤਾ ਲਗਭਗ ਬੰਦ ਹੋ ਗਿਆ ਹੈ ਅਤੇ ਡੇਰੇ ਵਿੱਚ ਵੀ ਕਾਫੀ ਪਾਣੀ ਭਰ ਚੁੱਕਾ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡਰੇਨ ਵਿਭਾਗ ਵੱਲੋਂ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਇਹ ਸਥਿਤੀ ਬਣੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਆਸਰਾ ਪੱਤੀ ਤੋਂ ਡਰੇਨ ਤੱਕ ਜੋ ਪਾਇਪ ਧਰਤੀ ਹੇਠਾਂ ਪਾਣੀ ਦੀ ਨਿਕਾਸੀ ਲਈ ਦੱਬੇ ਗਏ ਹਨ ਉਹ ਟੁੱਟ ਚੁੱਕੇ ਹਨ ਅਤੇ ਬੰਦ ਹੋ ਚੁੱਕੇ ਹਨ। ਇਸ ਮੌਕੇ ਹਲਾਤਾਂ ਦਾ ਜ਼ਾਇਜ਼ਾ ਲੈਣ ਲਈ ਹਲਕਾ ਇੰਚਾਰਜ਼ ਸ੍ਰ. ਸੁਖਵੰਤ ਸਿੰਘ ਸਰਾਓ ਪਹੁੰਚੇ ਜਿੰਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਉਪਰੰਤ ਪਿੰਡ ਲਹਿਲ ਕਲਾਂ ਅਤੇ ਗੁਰੁ ਤੇਗ ਬਹਾਦਰ ਨਗਰ ਦੀ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਉੱਦਮ ਕਰਕੇ ਜੇ.ਸੀ.ਬੀ ਰਾਹੀਂ ਨਾਲੇ ਦੀ ਖੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਪਾਣੀ ਨੂੰ ਡਰੇਨ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਸਮੇਂ ਸਰਪੰਚ ਸਰਬਜੀਤ ਕੌਰ, ਸਤਿਗੁਰ ਸਿੰਘ, ਰਣਜੀਤ ਸਿੰਘ ਵਾਲੀਆ, ਬਲਵਿੰਦਰ ਧੱਕੜ, ਤਾਰਾ ਸਿੰਘ, ਅਜੈਬ ਸਿੰਘ, ਬਲਜੀਤ ਸਿੰਘ, ਆਦਿ ਹਾਜਰ ਸਨ।
ਪਾਣੀ ਵੜਿਆ ਪਿੰਡ ਦੀਆਂ ਗਲੀਆਂ ‘ਚ



