ਅੰਮ੍ਰਿਤਸਰ, 11 ਅਗਸਤ (ਨਰਿੰਦਰ ਪਾਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੇ ਨਾਲ ਗਏ ਇਕ ਵਫਦ ਨੂੰ ਇਟਲੀ ਹਵਾਈ ਅੱਡੇ ਤੇ ਸੁਰੱਖਿਆ ਜਾਂਚ ਦੇ ਨਾਮ ਤੇ ਦਸਤਾਰ ਉਤਾਰੇ ਜਾਣ ਦੇ ਸਰਕਾਰੀ ਆਦੇਸ਼ਾਂ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਵਿਦੇਸ਼ਾਂ ਵਿਚ ਸਿੱਖ ਦਸਤਾਰ ਦੀ ਮਾਣ ਮਰਿਆਦਾ ਬਹਾਲ ਕੀਤੇ ਜਾਣ ਦੀਆਂ ਸਰਗਰਮੀਆਂ ਇਕ ਵਾਰ ਫਿਰ ਤੇਜ ਹੋ ਗਈਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਤੇ ਪੰਜਾਬ ਦੀ ਅਕਾਲੀ ਸਰਕਾਰ ਨੇ ਇਸ ਮੁੱਦੇ ਨੂੰ ਲੈਕੇ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਦੂਸਰੇ ਪਾਸੇ ਰਾਜਨੀਤਕ ਹਲਕਿਆਂ ਵਿਚ ਇਹ ਚਰਚਾ ਸ਼ੁਰੂ ਹੋ ਚੁਕੀ ਹੈ ਕਿ ਕੀ ਇਹ ਐਲਾਨੇ ਜੰਗ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੀਕ ਹੀ ਸੀਮਤ ਹੋ ਕੇ ਰਹਿ ਜਾਵੇਗਾ ਜਾਂ ਇਸਨੂੰ ਅਮਲੀ ਜਾਮਾ ਪਹਿਨਾਣ ਲਈ ਕੋਈ ਠੋਸ ਉਪਾਅ ਵੀ ਕੀਤੇ ਜਾਣਗੇ।ਵਿਦੇਸ਼ਾਂ ਵਿਚ ਸਿੱਖ ਦਸਤਾਰ ਨੂੰ ਲੈਕੇ ਪੈਦਾ ਹੇ ਵਿਵਾਦਾਂ ਦਾ ਮੁਲਾਂਕਣ ਕੀਤਾ ਜਾਏ ਤਾਂ ਸਭਤੋਂ ਪਹਿਲਾ ਮਾਮਲਾ ਇਕ ਫਰਾਂਸੀਸੀ ਮਿਸਟਰ ਮਾਈਕਲ ਰੂਡਲ ਦੇ ਸਿੰਘ ਸੱਜਣ ਉਪਰੰਤ ਦਰਸ਼ਨ ਸਿੰਘ ਬਣ ਜਾਣ ਤੇ ਸਾਹਮਣੇ ਆਇਆ ਸੀ । ਸ੍ਰ ਦਰਸ਼ਨ ਸਿੰਘ ਨੇ ਫਰਾਂਸ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਰਕਾਰੀ ਕਾਗਜਾਂ ਵਿਚ ਉਸਦੇ ਨਾਮ ਦਾ ਪਹਿਲਾ ਹਿੱਸਾ ਮਾਈਕਲ ਤੋਂ ਦਰਸ਼ਨ ਸਿੰਘ ਕਰ ਦਿੱਤਾ ਜਾਵੇ ਫਰਾਂਸ ਸਰਕਾਰ ਨੇ ਅਜੇਹਾ ਕਰਨ ਤੋਂ ਇਨਕਾਰ ਕਰ ਦਿੱਤਾ ।ਸ੍ਰ ਦਰਸ਼ਨ ਸਿੰਘ ਨੇ ਅਦਾਲਤ ਦਾ ਸਹਾਰਾ ਲਿਆ ਲੇਕਿਨ ਅਦਾਲਤ ਨੇ 16 ਸਤੰਬਰ 1993 ਨੂੰ ਸੁਣਾਏ ਇਕ ਫੈਸਲੇ ਵਿਚ ਸਿਰਫ ਦਰਸ਼ਨ ਸਿੰਘ ਦੀ ਕੀਤੀ ਮੰਗ ਹੀ ਨਹੀ ਠੁਕਰਾਈ ਬਲਕਿ ਉਸਨੂੰ ਅਦਾਲਤੀ ਖਰਚਾ ਭਰਨ ਦਾ ਹੁਕਮ ਵੀ ਸੁਣਾ ਦਿੱਤਾ ।ਦਰਸ਼ਨ ਸਿੰਘ ਨੇ ਰੋਸ ਵਜੋਂ ਆਪਣਾ ਫਰਾਂਸੀਸੀ ਪਾਸਪੋਰਟ ਤੀਕ ਸਾੜ ਦਿੱਤਾ ਤੇ ਫਰਾਂਸ ਛੱਡਕੇ ਪੰਜਾਬ ਆ ਗਿਆ ।ਇਹੀ ਸ੍ਰ ਦਰਸ਼ਨ ਸਿੰਘ ਰੂਡਲ ਬਾਅਦ ਵਿਚ ਨਵਾਂ ਸ਼ਹਿਰ -ਅਨੰਦ ਪੁਰ ਸਾਹਿਬ ਸੜਕ ਤੇ ਆਰਗੈਨਿਕ ਖੇਤੀ ਕਰਨ ਵਾਲਾ ਪਹਿਲਾ ਸਿੱਖ ਬਣਿਆ।ਇਸ ਘਟਨਾ ਦੇ ਠੀਕ 10 ਸਾਲ ਬਾਅਦ ਫਰਾਂਸ ਦੇ ਹੀ ਵਸਨੀਕ ਸ੍ਰ ਰਣਜੀਤ ਸਿੰਘ ਨੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਮਿਸਟਰ ਕਾਫੀ ਅਨਾਨ ਨੂੰ ਇਕ ਪੱਤਰ ਲਿਖਕੇ ਦੱਸਿਆ ਕਿ ਉਹ 1992 ਤੋਂ ਫਰਾਂਸ ਵਿਚ ਸ਼ਰਣਾਰਥੀ ਹਨ ਤੇ ਫਰਾਂਸ ਦੀ ਪੁਲਿਸ ਵਲੋਂ ਉਸਨੂੰ ਇਕ ਰੈਜੀਡੈਂਟ ਕਾਰਡ ਜਾਰੀ ਕੀਤਾ ਗਿਆ ਸੀ ਜਿਸ ਉਪਰ ਉਸਦੀ ਦਸਤਾਰ ਵਾਲੀ ਫੋਟੋ ਲੱਗੀ ਹੋਈ ਸੀ । ਸ੍ਰ ਰਣਜੀਤ ਸਿੰਘ ਨੇ ਲਿਖਿਆ ਕਿ 10 ਸਾਲ ਬਾਅਦ ਸਾਲ 2002 ਵਿਚ ਜਦ ਉਨ੍ਹਾ ਨੇ ਇਹ ਕਾਰਡ ਨਵਿਆਣ ਲਈ ਬੇਨਤੀ ਕੀਤੀ ਹੈ ਤਾਂ ਫਰਾਂਸ ਦੀ ਪੁਲਿਸ ਨੇ ਸਾਫ ਕਿਹਾ ਹੈ ਕਿ ਰਣਜੀਤ ਸਿੰਘ ,ਕਾਰਡ ਤੇ ਲਾਣ ਲਈ ਬਿਨ੍ਹਾ ਦਸਤਾਰ ਫੋਟੋ ਮੁਹਈਆ ਕਰਾਉਣ । ਸ੍ਰ ਰਣਜੀਤ ਸਿੰਘ ਨੇ ਸਿੱਖ ਅਤੇ ਦਸਤਾਰ ਦੇ ਰਿਸ਼ਤੇ ਦੀਆਂ ਉਦਾਹਰਣਾਂ ਦੇਕੇ ਕਾਫੀ ਅਨਾਨ ਪਾਸੋਂ ਮੰਗ ਕੀਤੀ ਸੀ ਕਿ ਉਸਨੂੰ ਇਨਸਾਫ ਦਿਵਾਇਆ ਜਾਏ ਕਿਉਂਕਿ ਉਸ ਨਾਲ ਧਾਰਮਿਕ ਵਿਤਕਰਾ ਹੋ ਰਿਹਾ ਹੈ।ਸ੍ਰ ਰਣਜੀਤ ਸਿੰਘ ਦੀ ਇਸ ਬੇਨਤੀ ਤੇ ਵੀ ਸੰਯੁਕਤ ਰਾਸ਼ਟਰ ਸੰਘ ਨੇ ਕੋਈ ਕਾਰਵਾਈ ਨਹੀ ਕੀਤੀ ।ਸਾਲ 2005 ਵਿਚ ਅਚਨਚੇਤ ਹੀ ਫਰਾਂਸ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਹਰ ਪ੍ਰਕਾਰ ਦੇ ਧਾਰਮਿਕ ਚਿੰਨ੍ਹ ਧਾਰਣ ਕਰਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ । ਵਿਸ਼ਵ ਭਰ ਵਿਚ ਸਿੱਖ ਜਗਤ ਵਿਚ ਫਰਾਂਸ ਸਰਕਾਰ ਦੇ ਇਸ ਫੈਸਲੇ ਖਿਲਾਫ ਰੋਸ ਦੀ ਲਹਿਰ ਫੈਲ ਗਈ । ਫਰਾਂਸ ਦੇ ਸਿੱਖਾਂ ਲਈ ਦਸਤਾਰ ਦਾ ਕੇਸ ਲੜਨ ਲਈ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਐਲਾਨ ਹੋਇਆ । ਸਾਲ 2005 ਵਿਚ ਚੰਡੀਗੜ੍ਹ ਦੇ ਹੀ ਇਕ ਵਕੀਲ ਸ੍ਰ ਮਲਕੀਤ ਸਿੰਘ ਰਾਹੀ ਨੇ ‘ਰਿਮੂਵਲ ਆਫ ਟਰਬਨ ਇਨ ਫਰਾਂਸ -ਸਿਖਸ ਸਟਰੱਗਲ ਫਾਰ ਹਿਊਮਨ ਡਿਗਨਿਟੀ'(ਫਰਾਂਸ ਵਿਚ ਦਸਤਾਰ ਦਾ ਉਤਾਰਨਾ -,ਮਨੁਖੀ ਸਵੈਮਾਣ ਲਈ ਸਿੱਖ ਸੰਘਰਸ਼), ਇਕ ਕਿਤਾਬ ਲਿਖਕੇ ਵਿਸ਼ਵ ਭਰ ਦੇ ਲੋਕਾਂ ਤੇ ਸਰਕਾਰਾਂ ਤੀਕ ਪਹੁੰਚਾਈ ਤਾਂ ਜੋ ਸਿੱਖ ਅਤੇ ਦਸਤਾਰ ਦੇ ਰਿਸ਼ਤੇ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾ ਸਕੇ।ਫਰਾਂਸ ਵਿਚ ਸਿੱਖ ਦਸਤਾਰ ਮਾਮਲੇ ਤੇ ਲੰਮੀ ਲੜਾਈ ਲੜ੍ਹਨ ਵਾਲੇ ਸ੍ਰ ਪਾਲ ਸਿੰਘ ਫਰਾਂਸ ਨੂੰ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਸਿੱਖ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਸਾਲ 2006ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਮੰਗ ਪੱਤਰ ਮੁਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ,ਸ੍ਰ ਸੁਖਦੇਵ ਸਿੰਘ ਢੀਂਡਸਾ,ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਦਿਲਮੇਘ ਸਿੰਘ ਨੇ ਦਿੱਤਾ । ਕੁਲ 12 ਮੰਗਾਂ ਵਾਲੇ ਇਸ ਮੰਗ ਪੱਤਰ ਵਿਚ ਫਰਾਂਸ ਵਿਚ ਦਸਤਾਰ ਤੇ ਧਾਰਮਿਕ ਚਿੰਨ੍ਹਾ ਤੇ ਲਾਈ ਗਈ ਪਾਬੰਦੀ ਦਾ ਮਾਮਲਾ ਵੀ ਸ਼ਾਮਿਲ ਸੀ ।ਲੇਕਿਨ ਵਿਦੇਸ਼ਾਂ ਵਿਚ ਦਸਤਾਰ ਤੇ ਪਾਬੰਦੀ ਤੇ ਹਵਾਈ ਅੱਡਿਆਂ ਤੇ ਸੁਰੱਖਿਆ ਦੇ ਨਾਮ ਦਸਤਾਰਾਂ ਲੁਹਾਏ ਜਾਣ ਦੀਆਂ ਘਟਨਾਵਾਂ ਘੱਟਣ ਦੀ ਬਜਾਏ ਦਿਨੋ ਦਿਨ ਵੱਧ ਰਹੀਆਂ ਹਨ ।ਸਾਲ 2011 ਵਿਚ ਅਚਨਚੇਤ ਹੀ ਅਮਰੀਕਾ ਦੇ ਟਵਿਨ ਟਾਵਰ ਤੇ ਹੋਏ ਅੱਤਵਾਦੀ ਹਮਲੇ ਬਾਅਦ ਸਿੱਖ ਦਸਤਾਰ ਨੂੰ ਲੈਕੇ ਇਕ ਵਾਰ ਫਿਰ ਦੁਬਿਧਾ ਬਣ ਗਈ । ਬਹੁਤਾਤ ਮੁਲਕਾਂ ਨੇ ਸਿੱਖ ਦਸਤਾਰ ਨੂੰ ਤਾਲਿਬਾਨ ਲਾਦੇਨ ਦੀ ਦਸਤਾਰ ਨਾਲ ਮੇਲਣਾ ਸ਼ੁਰੂ ਕਰ ਦਿੱਤਾ । ਦੁਸਰੇ ਪਾਸੇ ਵਿਦੇਸ਼ਾਂ ਵਿਚ ਵਿਚਰਨ ਵਾਲੀਆਂ ਵੱਖ ਵੱਖ ਸਿੱਖ ਸੰਸਥਾਵਾਂ ਨੇ ਆਪਣੇ ਬਲਬੂਤੇ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਦਸਤਾਰ ਦੀ ਮਹਾਨਤਾ ਬਾਰੇ ਉਪਰਾਲੇ ਕੀਤੇ ਜਦਕਿ ਸ਼੍ਰੋਮਣੀ ਕਮੇਟੀ .,ਦਿੱਲੀ ਕਮੇਟੀ ਤੇ ਅਕਾਲੀ ਦਲ ਵਰਗੀਆਂ ਸੰਸਥਾਵਾਂ ਦੀ ਕੋਈ ਅਹਿਮ ਭੂਮਿਕਾ ਨਹੀ ਰਹੀ ।ਸਾਲ 2011 ਵਿਚ ਅਮਰੀਕਨ ਹਵਾਈ ਅੱਡਿਆਂ ਤੇ ਸੁਰੱਖਿਆ ਦੇ ਨਾਮ ਤੇ ਸਿੱਖ ਦਸਤਾਰ ਉਤਾਰੇ ਜਾਣ ਦੀਆਂ ਘਟਨਾਵਾਂ ਵਾਪਰੀਆਂ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਦਿੱਲੀ ਸਥਿਤ ਅਮਰੀਕੀ ਸਫਾਰਤਖਾਨੇ ਅੱਗੇ ਜਬਰਦਸਤ ਰੋਸ ਮੁਜਾਹਰਾ ਕੀਤਾ ।ਇਸਤੋਂ ਬਾਅਦ ਤਾਂ ਜਿਵੇਂ ਵਿਦੇਸ਼ੀ ਹਵਾਈ ਅੱਡਿਆਂ ਤੇ ਸੁਰੱਖਿਆ ਜਾਂਚ ਦੇ ਨਾਮ ਤੇ ਸਿੱਖਾਂ ਦੀਆਂ ਦਸਤਾਰਾਂ ਲੁਹਾਣ ਦੀ ਇਕ ਰੀਤ ਚਲ ਪਈ ਲੇਕਿਨ ਸਾਡੀਆਂ ਸਿੱਖ ਸੰਸਥਾਵਾਂ ਸਿਰਫ ਅਖਬਾਰੀ ਬਿਆਨਬਾਜੀ ਤੀਕ ਹੀ ਸੀਮਤ ਰਹੀਆਂ।ਸਿੱਖ ਕੌਮ ਦਾ ਰੋਸ਼ਨ ਦਿਮਾਗ ਆਗੂ ਜਾਣੇ ਜਾਂਦੇ ,ਸ਼੍ਰੋਮਣੀ ਕਮੇਟੀ ਮੈਂਬਰ ਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਦੀ ਰਾਏ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ,ਦਿੱਲੀ ਕਮੇਟੀ ਤੇ ਅਕਾਲੀ ਦਲ ਵਾਕਿਆ ਹੀ ਵਿਦੇਸ਼ਾਂ ਵਿਚ ਦਸਤਾਰ ਦਾ ਮਸਲਾ ਹੱਲ ਕਰਨ ਦੇ ਰੌਂਅ ਵਿਚ ਹਨ ਤਾਂ ਇਕ ਅਜੇਹੀ ਉਚ ਤਾਕਤੀ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ ਜਿਸ ਵਿਚ ਸਿੱਖ ਧਰਮ ਇਤਿਹਾਸ ਤੇ ਸਿਧਾਂਤ ਦੇ ਜਾਣਕਾਰ ਵਕੀਲ,ਅੰਤਰਰਾਸ਼ਟਰੀ ਮਾਮਲਿਆਂ ਦੇ ਵਕੀਲ ,ਮਨੁਖੀ ਅਧਿਕਾਰ ਸੰਸਥਾਵਾਂ ਦਾ ਨੁੰਮਾਇੰਦਾ ,ਸਿੱਖ ਬੁਧੀਜੀਵੀ ਸ਼ਾਮਿਲ ਹਕੀਤੇ ਜਾਣ । ਇਸ ਕਮੇਟੀ ਨੂੰ ਭਾਰਤ ਦਾ ਵਿਦੇਸ਼ ਮੰਤਰਾਲਾ ਬਕਾਇਦਾ ਮਾਨਤਾ ਦੇਕੇ ਵਿਭਾਗ ਦਾ ਇਕ ਸਕੱਤਰ ਰੈਂਕ ਦਾ ਅਧਿਕਾਰੀ ਨਾਲ ਸ਼ਾਮਿਲ ਕਰੇ ਤੇ ਇਸ ਕਮੇਟੀ ਨੂੰ ਫਰਾਂਸ ,ਇਟਲੀ ਜਾਂ ਜਿਥੇ ਕਿਤੇ ਵੀ ਦਸਤਾਰ ਦਾ ਮਾਮਲਾ ਦਰਪੇਸ਼ ਹੈ ਉਥੌਂ ਦਾ ਭਾਰਤੀ ਸਫੀਰ ,ਸਬੰਦਤ ਦੇਸ਼ ਦੀ ਸਰਕਾਰ ਨਾਲ ਗਲਬਾਤ ਕਰਨ ਵਿਚ ਸਹਾਇਤਾ ਕਰੇ ਤਾਂ ਜਾਕੇ ਕਿਧਰੇ ਮਸਲੇ ਦਾ ਕੋਈ ਹਲ ਨਿਕਲਣ ਦੇ ਆਸਾਰ ਬੱਝ ਸਕਦੇ ਹਨ ।ਲੇਕਿਨ ਦੂਸਰੇ ਪਾਸੇ ,ਅਜੇ ਤੀਕ ਸਾਡੀਆਂ ਸੰਸਥਾਵਾਂ ਐਨੇ ਸਾਲ ਬੀਤ ਜਾਣ ਤੇ ਵੀ , ਸਿੱਖ ਦਸਤਾਰ ਮਾਮਲੇ ਬਾਰੇ ਕੋਈ ਇਕ ਰਾਏ ਬਨਾਉਣ ਲਈ ਕਿਸੇ ਕਮੇਟੀ ਦਾ ਗਠਨ ਨਹੀ ਕਰ ਸਕੇ । ਅਜੇਹੇ ਵਿਚ ਰਾਜਦੁਤਕ ਪੱਧਰ ਤੇ ਕਾਰਵਈ ਕਰਨ ਦੇ ਦਾਅਵੇ ਮਹਿਜ ਖੋਖਲੇ ਐਲਾਨ ਹਨ।



