ਚੰਡੀਗੜ੍ਹ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਦੇ ਮੌਜੂਦਾ ਸਪੋਰਟਸ ਸਕੂਲ ਤੇ ਕਾਲਜ ਦਾ ਪੂਰੀ ਤਰ੍ਹਾਂ ਨਵੀਨੀਕਰਨ ਕਰਨ ਲਈ ਅਹਿਮ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਖੇਡ ਵਿਭਾਗ ਨੂੰ ਆਖਿਆ ਕਿ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੇ ਸਮਰਥ ਬਣਾਉਣ ਲਈ ਸਿਖਲਾਈ ਦੇਣ ਵਾਸਤੇ ਇਨ੍ਹਾਂ ਸੰਸਥਾਵਾਂ ਨੂੰ ‘ਸਪੋਰਟਸ ਇਸੰਟੀਚਿਊਟ ਆਫ਼ ਜਲੰਧਰ’ ਵਜੋਂ ਵਿਕਸਤ ਕੀਤਾ ਜਾਵੇ।ਜਲੰਧਰ ਵਿਖੇ ਕਪੂਰਥਲਾ ਰੋਡ ‘ਤੇ 40 ਏਕੜ ਜ਼ਮੀਨ ਵਿੱਚ ‘ਇੰਟੇਗਰੇਟਿਡ ਐਜੂਕੇਸ਼ਨ ਐਂਡ ਸਪੋਰਟਸ ਹੱਬ’ ਵਿਕਸਤ ਕਰਨ ਲਈ ਖੇਡ ਤੇ ਸਿੱਖਿਆ ਵਿਭਾਗਾਂ ਦੇ ਉਚ ਅਧਿਕਾਰੀਆਂ ਦੀ ਸ਼ਨਿਚਰਵਾਰ ਨੂੰ ਇੱਥੇ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ‘ਸਪੋਰਟਸ ਇਸੰਟੀਚਿਊਟ ਆਫ਼ ਜਲੰਧਰ’ ਸ਼ਹਿਰ ਵਿੱਚ ਵਿਕਸਤ ਕੀਤੇ ਜਾਣ ਵਾਲੇ ‘ਸੈਂਟਰ ਆਫ ਸਪੋਰਟਸ ਐਕਸੀਲੈਂਸ’ ਨਾਲੋਂ ਬਿਲਕੁਲ ਵੱਖਰਾ ਹੋਵੇਗਾ।ਸਪੋਰਟਸ ਸਕੂਲ ਤੇ ਕਾਲਜ ਦੇ ਖਸਤਾ ਹਾਲ ਬੁਨਿਆਦੀ ਢਾਂਚੇ ‘ਤੇ ਚਿੰਤਾ ਜ਼ਾਹਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਖੇਤਰ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸਥਾਪਤ ਕੀਤਾ ਗਿਆ ਸੀ ਪਰ ਸਮਾਂ ਬੀਤਦਿਆਂ ਇਨ੍ਹਾਂ ਸੰਸਥਾਵਾਂ ਦੀ ਚਮਕ ਫਿੱਕੀ ਪੈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਬਠਿੰਡਾ ਨੇੜੇ ਘੁੱਦਾ ਪਿੰਡ ਵਿੱਚ ਕਾਇਮ ਕੀਤੇ ਸਪੋਰਟਸ ਸਕੂਲ ਵਾਂਗ ਵਿਕਸਤ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਨੌਜਵਾਨ ਖਿਡਾਰੀਆਂ ਨੂੰ ਅਤਿ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਨ੍ਹਾਂ ਪ੍ਰਮੁੱਖ ਖੇਡ ਸੰਸਥਾਵਾਂ ਦੇ ਮੁਕੰਮਲ ਨਵੀਨੀਕਰਨ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਕਾਰਜ ਲਈ ਨੈਸ਼ਨਲ ਇਸੰਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.), ਪਟਿਆਲਾ ਦੇ ਮਾਹਿਰਾਂ ਨਾਲ ਵੀ ਤਾਲਮੇਲ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਅਥਲੈਟਿਕ ਟਰੈਕ, ਫੁਟਬਾਲ, ਵਾਲੀਬਾਲ, ਬਾਸਕਟਬਾਲ, ਹਾਕੀ ਦੇ ਮੈਦਾਨਾਂ ਤੇ ਹੋਰ ਖੇਡਾਂ ਤੋਂ ਇਲਾਵਾ ਵਿਦਿਆਰਥੀਆਂ ਲਈ ਖੇਡ ਸਰਗਰਮੀਆਂ ਲਈ ਅਤਿ ਆਧੁਨਿਕ ਜਿਨਮੇਜ਼ੀਅਮ ਵੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਸ. ਬਾਦਲ ਨੇ ਕਿਹਾ ਕਿ ਸੰਸਥਾ ਵਿੱਚ ਮੌਜੂਦਾ ਸਵੀਮਿੰਗ ਪੂਲ ਨੂੰ ਹਰੇਕ ਮੌਸਮ ਦੇ ਅਨੁਕੂਲ ਬਣਾਇਆ ਜਾਵੇ ਤਾਂ ਕਿ ਇਸ ਦੀ ਸਾਲ ਭਰ ਵਰਤੋਂ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਤੇ ਕਾਲਜ ਵਿੱਚ ਮੌਜੂਦਾ ਰਹਿਣ-ਸਹਿਣ ਦੀਆਂ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਖਿਡਾਰੀ ਇਸ ਦਾ ਲਾਭ ਲੈ ਸਕਣ। ਉਨ੍ਹਾਂ ਨੇ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਖਰੇ ਹੋਸਟਲ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਸ. ਬਾਦਲ ਨੇ ਕਿਹਾ,”ਇਸ ਦਾ ਇਕ ਨੁਕਾਤੀ ਏਜੰਡਾ ‘ਸਪੋਰਟਸ ਇਸੰਟੀਚਿਊਟ ਆਫ਼ ਜਲੰਧਰ’ ਨੂੰ ਇਕ ਨਰਸਰੀ ਵਜੋਂ ਵਿਕਸਤ ਕਰਨਾ ਹੈ ਤਾਂ ਕਿ ਵਿਸ਼ਵ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ।”ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ‘ਚੋਂ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੁਸ਼ਿਆਰ ਵਿਦਿਆਰਥੀਆਂ ਲਈ ਸਪੋਰਟਸ ਸਕੂਲ ਤੇ ਕਾਲਜ ਦੀ ਛੇ ਏਕੜ ਜਗ੍ਹਾ ਵਿੱਚ ਵਿਸ਼ੇਸ਼ ਸਕੂਲ ਸਥਾਪਤ ਕਰਨ ਦੇ ਮਾਮਲੇ ‘ਤੇ ਵਿਚਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਦੀ ਵੱਖਰੀ ਪਛਾਣ ਹੋਵੇਗੀ ਅਤੇ ਇਹ ਸੰਸਥਾਵਾਂ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕਰਨਗੀਆਂ, ਉਥੇ ਹੀ ਮਿਆਰੀ ਸਿੱਖਿਆ ਮੁਹੱਈਆ ਕਰਾਉਣਗੀਆਂ। ਸ. ਬਾਦਲ ਨੇ ਸਿੱਖਿਆ ਤੇ ਖੇਡ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਖਿਆ ਕਿ ਇਨ੍ਹਾਂ ਸੰਸਥਾਵਾਂ ਦੀ ਜ਼ਮੀਨ ਦੇ ਇਕ-ਇਕ ਇੰਚ ਦੀ ਢੁਕਵੀਂ ਵਰਤੋਂ ਯਕੀਨੀ ਬਣਾਉਣ ਲਈ ਸ਼ਹਿਰੀ ਯੋਜਨਾਬੱਧੀ ਵਿਭਾਗ ਤੇ ਪੁੱਡਾ ਨਾਲ ਤਾਲਮੇਲ ਕੀਤਾ ਜਾਵੇ ਤਾਂ ਕਿ ਖੇਤਰ ਵਿੱਚ ਖੇਡਾਂ ਤੇ ਸਿੱਖਿਆ ਨੂੰ ਪ੍ਰਫੁੱਲਤ ਕੀਤਾ ਜਾ ਸਕੇ।ਮੀਟਿੰਗ ਵਿੱਚ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਪ੍ਰਮੱਖ ਸਕੱਤਰ ਸਿੱਖਿਆ ਸ੍ਰੀਮਤੀ ਅੰਜਲੀ ਭਾਵਰਾ, ਸਕੱਤਰ ਖੇਡਾਂ ਸ੍ਰੀ ਅਸ਼ੋਕ ਗੁਪਤਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕੀਰਤ ਕ੍ਰਿਪਾਲ ਸਿੰਘ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀਮਤੀ ਸ਼ਰੂਤੀ ਸਿੰਘ, ਡਾਇਰੈਕਟਰ ਖੇਡਾਂ ਸ੍ਰੀ ਸ਼ਿਵ ਦੁਲਾਰ ਸਿੰਘ ਅਤੇ ਮੁੱਖ ਆਰਕੀਟੈਕਟ ਸ੍ਰੀਮਤੀ ਸਵਪਨਾ ਹਾਜ਼ਰ ਸਨ।



