ਧੂਰੀ, 7 ਦਸੰਬਰ (ਸੰਜੀਵ ਲਵਲੀ, ਸਤਵਿੰਦਰ ਸ਼ਰਮਾ)- ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਅਤੇ ਡਾ. ਅੰਬੇਡਕਰ ਵਿਚਾਰ ਮੰਚ ਅਤੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਡਾ. ਬੀ.ਆਰ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਡਾ. ਅੰਬੇਡਕਰ ਕਮਿਊਨਿਟੀ ਹਾਲ ਵਿਖੇ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ, ਹਰਜੀਤ ਸਿੰਘ ਅਤੇ ਸ੍ਰੀ ਚੰਦਾ ਰਾਮ ਐਸਡੀਓ (ਟੈਲੀਫੋਨ) ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰਿੰਸੀਪਲ ਬਲਦੇਵ ਸਿੰਘ ਮੋਹਾਲੀ ਸ਼ਾਮਿਲ ਹੋਏ। ਚਰਨਜੀਤ ਕੈਂਥ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਗਿਆਨ ਸਿੰਘ ਬਾਵਾ ਨੇ ਡਾ. ਅੰਬੇਡਕਰ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇਸੰਵਿਧਾਨ ਦੀ ਸਿਰਜਣਾ ਕਰਕੇ ਦਲਿਤ ਅਤੇ ਪੱਛੜੇ ਲੋਕਾਂ ਨੂੰ ਮਾਣ ਅਤੇ ਸਤਿਕਾਰ ਦਿਵਾਇਆ। ਸ੍ਰੀ ਕਮਲਜੀਤ ਟਿੱਬਾ ਨੇ ਡਾ. ਅੰਬੇਡਕਰ ਵੱਲੋਂ ਦਲਿਤਾਂ ਲਈ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਮੋਹਾਲੀ ਨੇ ਡਾ. ਬੀ.ਆਰ. ਅੰਬੇਡਕਰ ਦੀ ਜੀਵਨੀ ਅਤੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਡਾਕਟਰ ਸਾਹਿਬ ਦੇ ਜਿੱਥੇ ਨਾਅਰੇ ’ਤੇ ਪੜ੍ਹੋ, ਜੁੜੋ, ਸੰਘਰਸ਼ ਕਰੋ, ਜਿੰਨਾ ਚਿਰ ਅਮਲੀ ਰੂਪ ’ਚ ਕੰਮ ਨਹੀਂ ਹੁੰਦਾ ਤਾਂ ਸਥਿਤੀ ਇਸ ਤਰ੍ਹਾਂ ਹੀ ਬਣੀ ਰਹੇਗੀ ਅਤੇ ਸਾਨੂੰ ਪੜ੍ਹਣ-ਲਿਖਤ ’ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਜਿਹੜੇ ਲੋਕ ਪੜ੍ਹ-ਲਿਖ ਕੇ ਤਰੱਕੀ ਕਰ ਗਏ, ਉਨ੍ਹਾਂ ਨੂੰ ਵੀ ਸਮਾਜ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਸਟੇਜ ਦੀ ਕਾਰਵਾਈ ਸ੍ਰੀ ਰਾਮ ਸਰੂਪ ਨੇ ਬਾਖੂਬੀ ਨਿਭਾਈ। ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੀਤਾ ਸਿੰਘ, ਹਰਜਿੰਦਰ ਸਿੰਘ, ਮਾ. ਹਰਜਿੰਦਰ ਸਿੰਘ, ਪਿਆਰਾ ਸਿੰਘ ਬੈਂਕ ਮੈਨੇਜਰ, ਡਾ. ਮੱਘਰ ਸਿੰਘ ਜਸਵਿੰਦਰ ਸਿੰਘ ਅਤੇ ਲਾਲ ਸਿੰਘ ਆਦਿ ਵੀ ਹਾਜ਼ਰ ਹੋਏ।



