ਚੰਡੀਗੜ੍ਹ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਸਮਾਜ ਅਤੇ ਦਮਦਮੀ ਟਕਸਾਲ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਵਿੱਚ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਕਿਸੇ ਵੀ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ। ਸੰਨ 2012 ਵਿੱਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਦੀ ਪਹਿਲਕਦਮੀ ਨਾਲ ਟਕਸਾਲ ਅਤੇ ਸੰਤ ਸਮਾਜ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਫੈਸਲਾ ਲਿਆ ਸੀ। ਅਕਾਲੀ ਦਲ ਦੇ ਅਹਿਮ ਪ੍ਰੋਗਰਾਮਾਂ ਵਿੱਚ ਸੰਤ ਸਮਾਜ ਦੇ ਸੰਤਾਂ ਅਤੇ ਟਕਸਾਲ ਦੇ ਮੁਖੀ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਜਾਂਦਾ ਹੈ ਰਿਹਾ ਹੈ। ਪਿਛਲੇ 3 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀਆਂ ਸਦਭਾਵਨਾ ਰੈਲੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਸੰਤ ਸਮਾਜ ਦੇ ਸੰਤਾਂ ਅਤੇ ਟਕਸਾਲ ਦੇ ਮੁਖੀ ਨੂੰ ਬੁਲਾਇਆ ਨਹੀਂ ਗਿਆ। ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਦੂਰੀ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਦੂਰੀਆਂ ਮਿਟਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਅਕਾਲੀ ਦਲ ਦੇ ਹਲਕਿਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਰਾਜਸੀ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਣ ਲਈ ਸਾਰੀਆਂ ਧਿਰਾਂ ਤੋਂ ਸਹਿਯੋਗ ਲਿਆ ਜਾ ਰਿਹਾ ਹੈ, ਪ੍ਰੰਤੂ ਕਿਸੇ ਵੀ ਜੱਥੇਬੰਦੀ ਜਾਂ ਆਗੂ ਨੂੰ ਨਿੱਜੀ ਤੌਰ ’ਤੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਲਈ ਨਹੀਂ ਆਖਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸੰਤ ਸਮਾਜ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਅਤੇ ਬਾਬਾ ਸੇਵਾ ਸਿੰਘ ਸੰਤ ਸਮਾਜ ਤੋਂ ਵੱਖ ਹੋ ਕੇ ਸਰਗਰਮੀ ਕਰ ਰਹੇ ਹਨ। ਦਮਦਮੀ ਟਕਸਾਲ ਦੇ ਮੁਖੀ ਨਾਲ ਇਸ ਸਬੰਧੀ ਸੰਪਰਕ ਨਹੀਂ ਹੋ ਸਕਿਆ।



