ਵਾਸ਼ਿੰਗਟਨ ਡੀਸੀ, 30 ਨਵੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਸੁਹਿਰਦ ਹੈ, ਪਰ ਨੀਤੀਆਂ ਦੇ ਮਸਲੇ ’ਤੇ ਅਲੱਗ ਜ਼ਰੂਰ ਨਜ਼ਰ ਆਉਂਦੇ ਦਿਸਦੇ ਹਨ। ਜਿਸ ਦੀ ਚਰਚਾ ਸਿਰਫ ਪੰਜਾਬ ਵਿੱਚ ਨਹੀਂ ਹੈ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਦੇ ਝਲਕਾਰੇ ਵੇਖਣ ਨੂੰ ਮਿਲਦੇ ਹਨ। ਅਮਰੀਕਾ ਵਿੱਚ ਬੀਜੇਪੀ ਦੀ ਸ਼ਾਖ ਕਾਫੀ ਮਜ਼ਬੂਤ ਹੈ ਅਤੇ ਉਨ੍ਹਾਂ ਵੱਲੋਂ ਨਿੱਤ ਕੋਈ ਨਾ ਕੋਈ ਸਮਾਗਮ ਆਨੇ ਬਹਾਨੇ ਕੀਤਾ ਜਾਂਦਾ ਹੈ, ਪਰ ਅਕਾਲੀ ਦਲ ਦੀ ਸ਼ਮੂਲੀਅਤ ਨਾਮਾਤਰ ਹੀ ਵੇਖਣ ਨੂੰ ਮਿਲਦੀ ਹੈ, ਜਿੱਥੋਂ ਇਹ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਦੇ ਸੁਰ ਆਪੋਧਾਪੀ ਵਾਲੇ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਮਾਗਮ ਹੁੰਦਾ ਹੈ ਤਾਂ ਬੀਜੇਪੀ ਮਨਫੀ ਹੁੰਦੀ ਹੈ। ਇਨ੍ਹਾਂ ਦਾ ਤਾਲਮੇਲ ਸੁਹਿਰਦ ਨਜ਼ਰ ਨਹੀਂ ਦੇਖਿਆ ਜਾ ਰਿਹਾ। ਬੀਜੇਪੀ ਦੀ ਲੀਡਰਸ਼ਿੱਪ ਇਸ ਬਾਰੇ ਕਾਫੀ ਚਿੰਤਤ ਹੈ ਕਿ ਇਸ ਤਰ੍ਹਾਂਅਲਗ-ਅਲਗ ਚੱਲ ਕੇ ਨਾ ਤਾਂ ਮਜ਼ਬੂਤੀ ਦਾ ਰਾਹ ਅਖਤਿਆਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਮੂਹ ਨੂੰ ਜੋੜਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਜਾਂ ਸੈਂਟਰ ਦੀ ਲੀਡਰਸ਼ਿਪ ਇਸ ਸਬੰਧੀ ਕੁਝ ਕਦਮ ਪੁੱਟੇ ਅਤੇ ਮਜ਼ਬੂਤੀ ਦਾ ਉਪਰਾਲਾ ਕੀਤਾ ਜਾ ਸਕੇ। ਜੇਕਰ ਇਸੇ ਤਰ੍ਹਾਂ ਹੀ ਸਿਲਸਿਲਾ ਚਲਦਾ ਰਿਹਾ ਤਾਂ ਪੰਜਾਬ ਦੀ 2017 ਦੀ ਚੋਣ ਮੁਹਿੰਮ ਧੀਮੀ ਪੈ ਜਾਵੇਗੀ। ਹਾਲ ਦੀ ਘੜੀ ਅਕਾਲੀ ਵੀ ਵਿਦੇਸ਼ਾਂ ਵਿੱਚ ਘਰੋ-ਘਰੀਂ ਬੈਠੇ ਪੰਜਾਬ ਦੀ ਸਿਆਸਤ ’ਤੇ ਨਜ਼ਰ ਟਿਕਾਈ ਬੈਠੇ ਮੂੰਹ ਖੋਲ੍ਹਣ ਤੋਂ ਪ੍ਰਹੇਜ਼ ਕਰ ਰਹੇ ਹਨ। ਜਿਸ ਕਰਕੇ ਬੀਜੇਪੀ ਵੀ ਇਨ੍ਹਾਂ ਨੂੰ ਆਪਣੇ ਖੇਮੇ ਵਿੱਚ ਨਾਮਾਤਰ ਹੀ ਦਰਜ ਕਰ ਰਹੀ ਹੈ, ਜਿਸ ਕਰਕੇ ਸਥਿਤੀ ਬੇਸੁਰੀ ਜਿਹੀ ਬਣੀ ਹੋਈ ਹੈ ਅਤੇ ਹਰੇਕ ਵਿਅਕਤੀ ਕਿਆਸਅਰਾਈਆਂ ਲਾ ਰਿਹਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਦੇ ਸੁਰ ਆਪੋਧਾਪੀ ਵਾਲੇ ਹਨ। ਜੇਕਰ ਇਸ ਸਬੰਧੀ ਪੈਂਤੜਾ ਨਾ ਅਖਤਿਆਰ ਕੀਤਾ ਗਿਆ ਤਾਂ ਪਾੜਾ ਹੋਰ ਡੂੰਘਾ ਹੋ ਜਾਵੇਗਾ ਜਿਸ ਨੂੰ ਮੇਲਣਾ ਮੁਸ਼ਕਿਲ ਹੀ ਨਹੀਂ ਸਗੋਂ ਨਾ-ਮੁਮਕਿਨ ਹੋ ਜਾਵੇਗਾ। ਸੋ ਪੰਜਾਬ ਦੀ ਲੀਡਰਸ਼ਿੱਪ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਹ ਗਠਜੋੜ ਕੋਈ ਸਾਰਥਕ ਤੌਰ ’ਤੇ ਵਿਚਰ ਕੇ ਲੋਕਾਂ ਦੇ ਮਨ ਜਿੱਤ ਸਕੇ। ਪੰਜਾਬ ਦੀਆਂ ਸਦਭਾਵਨਾ ਰੈਲੀਆਂ ਵਿੱਚ ਭਾਵੇਂ ਬੀਜੇਪੀ ਆਪਣੀ ਸ਼ਮੂਲੀਅਤ ਦਾ ਇਜ਼ਹਾਰ ਕਰ ਰਹੀ ਹੈ ਪਰ ਕਦੇ ਵੀ ਨਾ ਅਕਾਲੀਆਂ ਵੱਲੋਂ ਅਤੇ ਨਾ ਹੀ ਬੀਜੇਪੀ ਵੱਲੋਂ ਆਪਣੀ ਹਾਜ਼ਰੀ ਇਨ੍ਹਾਂ ਰੈਲੀਆਂ ਵਿੱਚ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਕਰਕੇ ਪਾੜਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ, ਜਿਸ ਕਰਕੇ ਦੋਹਾਂ ਪਾਰਟੀਆਂ ਦੇ ਅਹੁਦੇਦਾਰ ਆਪੋਧਾਪੀ ਦੇ ਰਾਹ ’ਤੇ ਚੱਲਣ ਨੂੰ ਤਰਜੀਹ ਦੇ ਰਹੇ ਹਨ ਜਿਸ ਕਰਕੇ ਦੂਜੀਆਂ ਪਾਰਟੀਆਂ ਇਸ ਪਾੜੇ ਦੇ ਲਾਹੇ ਨੂੰ ਆਪਣੇ ਨਜ਼ਰੀਏ ਨਾਲ ਦੇਖ ਰਹੀਆਂ ਹਨ ਅਤੇ ਆਪਣਾ ਹੱਥ ਉਨ੍ਹਾਂ ਪ੍ਰਤੀ ਵਧਾ ਕੇ ਕੁਝ ਕਰ ਗੁਜ਼ਰਨ ਬਾਰੇ ਸੋਚ ਰਹੀਆਂ ਹਨ। ਲੋੜ ਹੈ ਅਕਾਲੀ ਦਲ ਨੂੰ ਇੱਕਜੁਟ ਹੋ ਕੇ ਕੁਝ ਕਰ ਗੁਜ਼ਰਨ ਨੂੰ ਤਰਜੀਹ ਦੇਣ ਦੀ।


